ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ 'ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਵਸ ਮਨਾਉਂਦਿਆਂ ਉਨ੍ਹਾਂ ਦੇ ਵਿਚਾਰਾਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਹਾਜ਼ਰ ਵਕੀਲਾਂ ਵਲੋਂ ਬਕਾਇਦਾ ਜਨਮ ਦਿਨ ਦਾ ਕੇਕ ਕੱਟ ਕੇ 'ਜ਼ਿੰਦਾ ਹੈ, ਭਗਤ ਸਿੰਘ ਜ਼ਿੰਦਾ ਹੈ' ਤੇ 'ਭਗਤ ਸਿੰਘ ਨੂੰ ਸਾਡਾ ਸਲਾਮ' ਆਦਿ ਨਾਅਰੇ ਲਗਾਏ ਗਏ | ਕੁਰੈਸ਼ੀ ਨੇ ਆਪਣੇ ਸੰਬੋਧਨ 'ਚ ਭਗਤ ਸਿੰਘ ਦੀ ਜੀਵਨੀ ਸਕੂਲੀ-ਪੁਸਤਕਾਂ 'ਚ ਸ਼ਾਮਿਲ ਕਰਨ ਤੇ ਉਨ੍ਹਾਂ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕਰਨ ਵੀ ਮੰਗ ਕੀਤੀ | ਸੁਪਰੀਮ ਕੋਰਟ ਦੇ ਵਕੀਲ ਰਾਜਾ ਜ਼ੁਲਕਰਨੈਨ, ਵਕੀਲ ਮੀਆਂ ਗੁਲਾਮਉੱਲਾ ਖਾਨ ਜੋਇਆ, ਮੁਕਤਦਰ ਅਖ਼ਤਰ ਸ਼ਬੀਰ, ਖ਼ਾਲਿਦ ਜ਼ਮਾਨ ਖਾਨ ਕੱਕੜ, ਪਾਕਿ ਇੰਡੀਆ ਬਿਜ਼ਨਸ ਕੌਂਸਲ ਦੇ ਚੇਅਰਮੈਨ ਨੂਰ ਮੁਹੰਮਦ ਕਸੂਰੀ ਤੇ ਹੋਰਾਂ ਨੇ ਮਤਾ ਪੇਸ਼ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਾਸੋਂ ਸ਼ਹੀਦ ਭਗਤ ਸਿੰਘ ਨੂੰ 'ਭਾਰਤ ਰਤਨ' ਅਤੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਐਵਾਰਡ 'ਨਿਸ਼ਾਨ-ਏ-ਪਾਕਿਸਤਾਨ' ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ |