ਲੇਹ, 27 ਸਤੰਬਰ (ਏਜੰਸੀ)- ਲੱਦਾਖ ਦੇ ਡੀ.ਜੀ.ਪੀ. ਐਸ. ਡੀ. ਸਿੰਘ ਜਮਵਾਲ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਪਾਕਿਸਤਾਨੀ ਖੁਫੀਆ ਏਜੰਟ ਦੀ ਗਿ੍ਫ਼ਤਾਰੀ ਤੋਂ ਬਾਅਦ ਸੋਨਮ ਵਾਂਗਚੁਕ ਦੇ ਪਾਕਿਸਤਾਨ ਨਾਲ ਕਥਿਤ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਖੁਫ਼ੀਆ ਏਜੰਟ ਨੇ ਸਰਹੱਦ ਪਾਰ ਵਾਂਗਚੁਕ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੀਆਂ ਵੀਡੀਓ ਭੇਜੀਆਂ ਸਨ | ਜਮਵਾਲ ਨੇ ਵਾਂਗਚੁਕ ਨੂੰ ਬੁੱਧਵਾਰ ਨੂੰ ਵਾਪਰੀ ਹਿੰਸਾ ਪਿੱਛੇ ਮੁੱਖ ਵਿਅਕਤੀ ਦੱਸਿਆ | ਸ਼ੁੱਕਰਵਾਰ ਨੂੰ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ 'ਚ ਲਿਆ ਗਿਆ ਅਤੇ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਭੇਜ ਦਿੱਤਾ ਗਿਆ | ਪੁਲਿਸ ਮੁਖੀ ਨੇ ਕਿਹਾ ਕਿ (ਵਾਂਗਚੁਕ ਵਿਰੁੱਧ) ਜਾਂਚ 'ਚ ਜੋ ਪਾਇਆ ਗਿਆ ਹੈ, ਉਸ ਦਾ ਖੁਲਾਸਾ ਅਜੇ ਨਹੀਂ ਕੀਤਾ ਜਾ ਸਕਦਾ | ਪ੍ਰਕਿਰਿਆ ਚੱਲ ਰਹੀ ਹੈ ਅਤੇ ਜੇਕਰ ਤੁਸੀਂ ਉਸ ਦੀ ਪ੍ਰੋਫਾਈਲ ਅਤੇ ਪਿਛੋਕੜ ਨੂੰ ਦੇਖਦੇ ਹੋ, ਤਾਂ ਇਹ ਸਭ ਯੂਟਿਊਬ 'ਤੇ ਉਪਲਬਧ ਹੈ | ਉਸ ਦੇ ਭਾਸ਼ਨ ਨੇ ਭੜਕਾਉਣ ਦਾ ਕੰਮ ਕੀਤਾ ਕਿਉਂਕਿ ਉਸ ਨੇ ਅਰਬ ਸਪਿ੍ੰਗ ਅਤੇ ਹਾਲ ਹੀ 'ਚ ਨਿਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ 'ਚ ਵਾਪਰੀ ਅਸ਼ਾਂਤੀ ਬਾਰੇ ਗੱਲ ਕੀਤੀ | ਪੁਲਿਸ ਮੁਖੀ ਨੇ ਵਾਂਗਚੁਕ ਦੇ ਕੁਝ ਵਿਦੇਸ਼ੀ ਦੌਰਿਆਂ ਦਾ ਵੀ ਹਵਾਲਾ ਦਿੱਤਾ ਅਤੇ ਉਨ੍ਹਾਂ ਨੂੰ ਸ਼ੱਕੀ ਕਰਾਰ ਦਿੱਤਾ | ਜਮਵਾਲ ਨੇ ਦੱਸਿਆ ਕਿ ਵਾਂਗਚੁਕ ਪਾਕਿਸਤਾਨ 'ਚ ਦ ਡਾਨ ਦੇ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਅਤੇ ਬੰਗਲਾਦੇਸ਼ ਵੀ ਗਿਆ |