ਪਟਨਾ, 18 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਢੁੱਕਵੇਂ ਸਮੇਂ 'ਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੋਕਾਂ ਵਲੋਂ ਉਠਾਈਆਂ ਗਈਆਂ ਮੰਗਾਂ ਦਾ 'ਚੰਗਾ ਹੱਲ' ਕਰਨ ਦਾ ਵਾਅਦਾ ਕੀਤਾ | ਪਟਨਾ 'ਚ ਇਕ ਮੀਡੀਆ ਸੰਮੇਲਨ 'ਚ ਬੋਲਦਿਆਂ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਨੇ 'ਯੂ-ਟਰਨ' ਲਿਆ ਹੈ ਅਤੇ ਪਿਛਲੇ 9 ਮਹੀਨਿਆਂ 'ਚ ਕਿਸੇ ਵੀ ਸਥਾਨਕ ਅੱਤਵਾਦੀ ਦੀ ਭਰਤੀ ਨਹੀਂ ਹੋਈ ਹੈ |' ਇਹ ਇਕ ਗੁਣਤਾਮਕ ਬਦਲਾਅ ਹੈ, ਇਥੇ 1990 ਦੇ ਦਹਾਕੇ ਤੋਂ ਵੱਖਵਾਦ ਵਧ ਫੱੁਲ ਰਿਹਾ ਸੀ | ਪਹਿਲਾਂ ਪਾਕਿਸਤਾਨ ਸਰਹੱਦ ਪਾਰ ਤੋਂ ਅੱਤਵਾਦੀ ਭੇਜਣ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਸੀ | ਉਹ ਸਾਡੇ ਬੱਚਿਆਂ ਦੇ ਹੱਥਾਂ 'ਚ ਹਥਿਆਰ ਫੜਾ ਦਿੰਦੇ ਸਨ | ਹੁਣ ਸਥਿਤੀ ਬਦਲ ਗਈ ਹੈ | ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੂਰੇ ਦੇਸ਼ ਦੇ ਹਨ ਅਤੇ ਪੂਰਾ ਦੇਸ਼ ਉਨ੍ਹਾਂ ਦਾ ਹੈ | ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ 'ਚ ਲੋਕਤੰਤਰ ਬਹਾਲ ਹੋ ਗਿਆ ਹੈ |