ਚੰਡੀਗੜ੍ਹ, 1 ਨਵੰਬਰ (ਵਿਕਰਮਜੀਤ ਸਿੰਘ ਮਾਨ)-ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੀਸ਼ ਮਹਿਲ ਇਕ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ ਅਤੇ ਹੁਣ ਇਹੀ ਮੁੱਦਾ ਫਿਰ ਪੰਜਾਬ ਵਿਚ ਗਰਮਾਉਂਦਾ ਨਜ਼ਰ ਆ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਹਨ | ਅੱਜ ਇਕ ਵੀਡੀਓ ਜਾਰੀ ਕਰਦਿਆਂ ਭਾਜਪਾ 'ਤੇ ਬੇਬੁਨਿਆਦ ਪ੍ਰਚਾਰ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਆਗੂਆਂ ਨੂੰ 'ਸ਼ੀਸ਼ ਮਹਿਲ' ਬਾਰੇ ਆਪਣੇ ਦਾਅਵਿਆਂ ਨੂੰ ਪ੍ਰਮਾਣਿਤ ਸਬੂਤਾਂ ਨਾਲ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ | ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇਸ਼ ਭਰ ਵਿਚ ਖਾਸ ਕਰ ਕੇ ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇ ਵੱਧ ਰਹੇ ਅਧਾਰ ਤੋਂ ਹੈਰਾਨ ਹੈ, ਜਿਸ ਕਾਰਨ ਉਹ ਅਜਿਹੇ ਘਟੀਆ ਹੱਥਕੰਡੇ ਅਪਣਾ ਰਹੀ ਹੈ | ਉਨ੍ਹਾਂ ਅੱਜ ਭਾਜਪਾ ਆਗੂਆਂ ਦੇ ਦੋਸ਼ਾਂ ਦਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਚੰਡੀਗੜ੍ਹ ਵਿਚ ਕੋਠੀ ਨੰਬਰ 45 ਮੁੱਖ ਮੰਤਰੀ ਦਾ ਸਰਕਾਰੀ ਨਿਵਾਸ ਹੈ, ਜਦੋਂ ਕਿ ਕੋਠੀ ਨੰਬਰ 50 ਉਨ੍ਹਾਂ ਦਾ ਗੈਸਟ ਹਾਊਸ/ਕੈਂਪ ਆਫਿਸ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਘਰ ਵਿਚ ਕਈ ਮਹੱਤਵਪੂਰਨ ਮੀਟਿੰਗਾਂ ਹੁੰਦੀਆਂ ਹਨ ਅਤੇ ਸੂਬੇ ਵਿਚ ਆਉਣ ਵਾਲੇ ਪਤਵੰਤਿਆਂ ਨੂੰ ਵੀ ਇਸ ਘਰ ਵਿਚ ਠਹਿਰਾਇਆ ਜਾਂਦਾ ਹੈ |