ਅੰਮਿ੍ਤਸਰ, 1 ਨਵੰਬਰ (ਜਸਵੰਤ ਸਿੰਘ ਜੱਸ)-ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਸਾਹਿਬ ਨੂੰ ਲੈ ਕੇ ਦਿੱਲੀ ਦੇ ਗੁਰਦੁਆਰਾ ਮੋਤੀ ਸਾਹਿਬ ਤੋਂ ਚੱਲ ਕੇ 'ਚਰਣ ਸੁਹਾਵੇ ਗੁਰੂ ਚਰਨ ਯਾਤਰਾ' ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਈ, ਜਿਥੇ ਗੁਰੂ ਸਾਹਿਬ ਅਤੇ ਮਾਤਾ ਜੀ ਦੇ ਜੋੜੇ ਸਾਹਿਬ ਨੂੰ ਲਈ ਤਖ਼ਤ ਸਾਹਿਬ ਦੇ ਦੀਵਾਨ ਹਾਲ ਪਿੱਛੇ ਸਥਿਤ ਗੁੰਬਦ ਵਿਚ ਸੁਸ਼ੋਭਿਤ ਕੀਤਾ ਗਿਆ ਤਾਂ ਜੋ ਸੰਗਤ ਉਨ੍ਹਾਂ ਦੇ ਦਰਸ਼ਨ ਕਰ ਸਕੇ | ਯਾਤਰਾ ਦੀ ਸੰਪੂਰਨਤਾ ਮੌਕੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਵੀ ਪਰਿਵਾਰ ਸਮੇਤ ਹਾਜ਼ਰੀ ਭਰੀ | ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਵਧੀਕ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਮੀਡੀਆ ਇੰਚਾਰਜ ਸੁਦੀਪ ਸਿੰਘ, ਸੁਮਿਤ ਸਿੰਘ ਕਲਸੀ, ਸੁਪਰਟੈਂਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਪਪਿੰਦਰ ਸਿੰਘ ਆਦਿ ਨੇ ਯਾਤਰਾ ਵਿਚ ਸ਼ਾਮਿਲ ਪੰਜ ਪਿਆਰੇ ਸਾਹਿਬਾਨ ਅਤੇ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ | ਸ. ਸੋਹੀ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਇੰਦਰਪ੍ਰੀਤ ਸਿੰਘ ਬਖ਼ਸ਼ੀ, ਯਾਤਰਾ ਦੇ ਕੋਆਰਡੀਨੇਟਰ ਜਸਬੀਰ ਸਿੰਘ ਧਾਮ ਅਤੇ ਇੰਚਾਰਜ ਹਰਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਪ੍ਰਧਾਨ ਸੋਹੀ ਨੇ ਦੱਸਿਆ ਕਿ ਗੁਰੂ ਚਰਣ ਯਾਤਰਾ ਬੀਤੀ ਦੇਰ ਸ਼ਾਮ ਸਾਸਾਰਾਮ ਤੋਂ ਚੱਲ ਕੇ ਦੇਰ ਰਾਤ ਗੁਰਦੁਆਰਾ ਗੁਰੂ ਕਾ ਬਾਗ ਪਹੁੰਚੀ ਸੀ ਜਿਥੋਂ ਅੱਜ ਸਵੇਰੇ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜੀ |