ਖਨੌਰੀ, 1 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਅੰਦਰ ਡੀ.ਏ.ਪੀ. ਖਾਦ ਦੀ ਕਮੀ ਕਰ ਕੇ ਕਣਕ ਦੀ ਪੱਛੜ ਰਹੀ ਬਿਜਾਈ ਦੇ ਸੰਬੰਧ ਵਿਚ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਕਿਹਾ ਕਿ ਇਹ ਸਾਰਾ ਕੁਝ ਸੂਬਾ ਸਰਕਾਰ ਦੀ ਨਾਲਾਇਕੀ ਦੇ ਚੱਲਦਿਆਂ ਹੋ ਰਿਹਾ ਹੈ | ਸ: ਚੰਦੂਮਾਜਰਾ ਅੱਜ ਖਨੌਰੀ ਨੇੜਲੇ ਪਿੰਡ ਗੋਬਿੰਦਪੁਰਾ ਚੱਠਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਜਿੱਥੇ ਕਿ ਉਹ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਸਨ | ਉਨ੍ਹਾਂ ਆਖਿਆ ਕਿ ਸੂਬੇ ਅੰਦਰ ਸਹਿਕਾਰੀ ਸੁਸਾਇਟੀਆਂ ਵਿਚ ਆਈ ਡੀ.ਏ.ਪੀ ਦੀ ਕਿੱਲਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ | ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਸਤਿਗੁਰ ਸਿੰਘ ਬਾਂਗੜ, ਨਿਸ਼ਾਨ ਸਿੰਘ ਸਰਪੰਚ ਚੱਠਾ ਗੋਬਿੰਦਪੁਰਾ, ਬਰਿੰਦਰ ਸਿੰਘ ਚੱਠਾ, ਜਰਨੈਲ ਸਿੰਘ, ਗੁਰਮੀਤ ਸਿੰਘ, ਬਿੰਦਰ ਚੱਠਾ, ਗੋਪਾਲ ਸਿੰਘ ਪੰਚਾਇਤ ਮੈਂਬਰ ਚੱਠਾ ਆਦਿ ਮੌਜੂਦ ਸਨ |