ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਇਸ ਸਾਲ ਵੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਬਹਿਸ ਦਾ ਸਿਲਸਿਲਾ ਵੀ ਜਾਰੀ ਹੈ | ਇਸ ਦਰਮਿਆਨ ਕਾਂਗਰਸੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਖ਼ਲ ਦੇਣ ਅਤੇ ਲੋਕਾਂ ਨੂੰ 'ਗੰਦੀ ਧੁੰਦ' 'ਚ ਸਾਹ ਲੈਣ ਤੋਂ ਬਚਾਉਣ ਦੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਆਪਣੀਆਂ ਸਿਆਸੀ ਮਜਬੂਰੀਆਂ ਨੂੰ ਭੁੱਲ ਕੇ ਇਕੱਠੇ ਹੋਈਏ ਅਤੇ ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਕੁੱਝ ਕਰੀਏ | ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ | ਇਸ ਭਿਆਨਕ ਸਥਿਤੀ ਨੂੰ ਘਟਾਉਣ ਲਈ ਉਹ ਜੋ ਵੀ ਕਦਮ ਚੁੱਕਣਗੇ, ਅਸੀਂ ਸਾਰੇ ਉਨ੍ਹਾਂ ਦਾ ਸਮਰਥਨ ਅਤੇ ਸਹਿਯੋਗ ਕਰਾਂਗੇ | ਉਨ੍ਹਾਂ ਕਿਹਾ ਕਿ ਹਰ ਸਾਲ ਦਿੱਲੀ ਦੇ ਲੋਕਾਂ ਨੂੰ ਇਸ ਜ਼ਹਿਰੀਲੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸ਼ਹਿਰ ਨੂੰ ਘੇਰਨ ਵਾਲਾ ਪ੍ਰਦੂਸ਼ਣ ਅਜਿਹਾ ਹੈ ਕਿ ਜਿਵੇਂ ਇਸ 'ਤੇ ਇੱਕ ਗ੍ਰੇਅ ਰੰਗ ਦੀ ਚਾਦਰ ਪਾ ਦਿੱਤੀ ਹੋਵੇ |