ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇਸ਼ ਵਿਚ ਵੋਟ ਚੋਰੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ 14 ਦਸੰਬਰ ਨੂੰ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ ਵਿਚ ਇਕ ਵਿਸ਼ਾਲ ਰੈਲੀ ਕਰੇਗੀ | ਇਸ ਤੋਂ ਪਹਿਲਾਂ, ਉਸੇ ਦਿਨ ਦੇਸ਼ ਭਰ ਤੋਂ ਵੋਟ ਚੋਰੀ ਵਿਰੁੱਧ ਪੰਜ ਕਰੋੜ ਦਸਤਖ਼ਤ ਕੀਤੇ ਫਾਰਮ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ | ਇਸ ਗੱਲ ਦਾ ਖ਼ੁਲਾਸਾ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਪਾਰਟੀ ਜਨਰਲ ਸਕੱਤਰ ਭੁਪੇਸ਼ ਬਘੇਲ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਾਂਗ, ਪੰਜਾਬ ਵਿਚ ਵੀ ਭਾਜਪਾ ਦੀਆਂ ਵੋਟ ਚੋਰੀ ਦੀਆਂ ਕੋਝੀਆਂ ਕੋਸ਼ਿਸ਼ਾਂ ਖ਼ਿਲਾਫ਼ ਭਾਰੀ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੇ ਦੇਸ਼ ਭਰ ਤੋਂ ਪੰਜ ਕਰੋੜ ਦਸਤਖ਼ਤ ਇਕੱਠੇ ਕੀਤੇ ਹਨ ਅਤੇ ਇਕੱਲੇ ਪੰਜਾਬ ਤੋਂ ਹੀ ਲਗਭਗ 27 ਲੱਖ ਦਸਤਖ਼ਤ ਇਕੱਠੇ ਕੀਤੇ ਗਏ ਹਨ | ਇਸ ਤੋਂ ਪਹਿਲਾਂ ਬਘੇਲ ਨੇ ਨਵ-ਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਇਕ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਬਾਕੀ ਬਚੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਬਹੁਤ ਜਲਦੀ ਕੀਤੀਆਂ ਜਾਣਗੀਆਂ | ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ | ਇਸ ਮੌਕੇ ਬਘੇਲ ਦੇ ਨਾਲ ਏ.ਆਈ.ਸੀ.ਸੀ ਸਕੱਤਰ ਸੂਰਜ ਸਿੰਘ ਠਾਕੁਰ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ |