07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਚਿੱਠੀ ਸਿੰਘਪੁਰਾ ਸਿੱਖ ਕਤਲੇਆਮ ਪੀੜਤਾਂ ਦੇ 25 ਸਾਲਾਂ ਬਾਅਦ ਵੀ ਜ਼ਖ਼ਮ ਅੱਲ੍ਹੇ <br/>

Ad Position 21
No active advertisement
ਅਜੀਤ ਡੈਸਕ 22-11-2025
ਚਿੱਠੀ ਸਿੰਘਪੁਰਾ (ਸ੍ਰੀਨਗਰ), 21 ਨਵੰਬਰ-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਅਧੀਨ ਪੈਂਦੇ ਪਿੰਡ ਚਿੱਠੀ ਸਿੰਘਪੁਰਾ 'ਚ 20 ਮਾਰਚ 2000 ਨੂੰ ਅੱਤਵਾਦੀਆਂ ਵਲੋਂ ਗੋਲੀਆਂ ਨਾਲ ਛੱਲਣੀ ਕਰ ਦਿੱਤੇ ਗਏ 35 ਨਿਰਦੋਸ਼ ਸਿੱਖਾਂ ਦੇ ਪੀੜਤ ਪਰਿਵਾਰ 25 ਸਾਲ ਬੀਤ ਜਾਣ ਦੇ ਬਾਅਦ ਅੱਜ ਵੀ ਇਨਸਾਫ਼ ਦੀ ਉਡੀਕ 'ਚ ਹਨ | ਇਸ ਖੌਫਨਾਕ ਮੰਜਰ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਸਮੇਂ ਦੀਆਂ ਹਕੂਮਤਾਂ ਵਲੋਂ ਅਜੇ ਤੱਕ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਇਸ ਕਤਲ ਕਾਂਡ ਦੀ ਜਾਂਚ ਮੁਕੰਮਲ ਕੀਤੀ ਗਈ ਹੈ, ਜਿਸ ਕਰਕੇ ਸੰਬੰਧਿਤ ਪੀੜਤ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ | ਦੱਸਣਯੋਗ ਹੈ ਕਿ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਭਾਰਤ ਦੌਰੇ ਦੇ ਪਹਿਲੇ ਦਿਨ ਹੀ ਚਿੱਠੀ ਸਿੰਘਪੁਰਾ ਪਿੰਡ 'ਚ ਵਾਪਰੇ ਇਸ ਖੌਫ਼ਨਾਕ ਕਾਰੇ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ | ਸ਼ਾਮ ਪੌਣੇ ਅੱਠ ਵਜੇ ਸੁਰੱਖਿਆ ਬਲਾਂ ਦੀ ਵਰਦੀ 'ਚ ਅਣਪਛਾਤੇ ਅੱਤਵਾਦੀ ਚਿੱਠੀ ਸਿੰਘਪੁਰਾ 'ਚ ਦਾਖਲ ਹੋਏ ਤੇ ਉਨ੍ਹਾਂ ਪਿੰਡ ਦੇ ਘਰਾਂ 'ਚੋਂ ਵਿਉਂਤਬੰਦੀ ਤਹਿਤ ਮਰਦ ਸਿੱਖਾਂ ਨੂੰ ਘਰਾਂ 'ਚੋਂ ਬਾਹਰ ਕੱਢ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ ਕੰਧ ਦੇ ਨਾਲ 18 ਸਿੱਖਾਂ ਅਤੇ ਨੇੜਲੇ ਸ਼ੌਕੀਨਪੁਰਾ ਇਲਾਕੇ ਦੇ ਇਕ ਹੋਰ ਗੁਰਦੁਆਰਾ ਸਾਹਿਬ ਦੇ ਬਾਹਰ 17 ਸਿੱਖਾਂ ਨੂੰ ਇਕ ਲਾਈਨ 'ਚ ਖੜ੍ਹਾ ਕਰਕੇ ਅੰਨ੍ਹੇਵਾਹ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਖੂਨੀ ਕਾਂਡ 'ਚ ਜ਼ਖ਼ਮੀ ਹੋਏ ਪਿੰਡ ਦੇ ਹੀ ਵਸਨੀਕ ਨਾਨਕ ਸਿੰਘ ਦਾ ਨੌਜਵਾਨ ਪੁੱਤਰ ਗੁਰਮੀਤ ਸਿੰਘ ਵੀ ਹੋਰ ਸਿੱਖਾਂ ਸਮੇਤ ਇਸ ਕਤਲੇਆਮ 'ਚ ਮਾਰਿਆ ਗਿਆ ਸੀ | ਇਸ ਕਤਲੇਆਮ ਦੇ ਬਾਅਦ ਕੁਝ ਹਿੰਮਤੀ ਸਿੰਘਾਂ ਨੇ ਨੇੜਲੇ ਪਿੰਡ ਜਾ ਕੇ ਟੈਲੀਫੋਨ ਰਾਹੀਂ ਪੁਲਿਸ ਨੂੰ ਇਤਲਾਹ ਕਰਕੇ ਉਕਤ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ | ਜਿਸ ਤੋਂ ਬਾਅਦ ਪੁਲਿਸ ਸਮੇਤ ਹੋਰ ਏਜੰਸੀਆਂ ਤੇ ਸੁਰੱਖਿਆ ਬਲ ਸਮੇਂ-ਸਮੇਂ ਦੌਰਾਨ ਇਸ ਪਿੰਡ 'ਚ ਆਉਂਦੇ ਰਹੇ, ਹਾਲਾਂਕਿ ਅੱਜ ਤੱਕ ਇਸ ਦਰਿੰਦਗੀ ਭਰੇ ਕਾਰੇ ਦੀ ਨਾ ਤਾਂ ਕੋਈ ਜਾਂਚ ਮੁਕੰਮਲ ਹੋਈ ਅਤੇ ਨਾ ਹੀ ਸੰਬੰਧਿਤ ਦੋਸ਼ੀਆਂ ਬਾਰੇ ਕੋਈ ਸੁਰਾਗ ਲਗਾਇਆ ਜਾ ਸਕਿਆ ਹੈ | ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਸੁਰੱਖਿਅਤ ਰੱਖੇ ਗਏ ਹਨ ਅਤੇ ਗੁ: ਸਾਹਿਬ ਦੇ ਅੰਦਰ ਤੇ ਬਾਹਰ ਇਨ੍ਹਾਂ ਮਿ੍ਤਕ ਸਿੱਖਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ | ਪਿੰਡ ਦੇ ਮੁੱਖ ਦਵਾਰ 'ਤੇ ਇਕ ਯਾਦਗਾਰੀ ਗੇਟ ਵੀ ਬਣਾਇਆ ਹੋਇਆ ਹੈ, ਜਿਸ 'ਤੇ ਸ਼ਹੀਦ 35 ਸਿੱਖਾਂ ਦੇ ਨਾਂਅ ਉਕਰੇ ਹੋਏ ਹਨ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਉਕਤ ਪਿੰਡ 'ਚ ਇਕ ਸਕੂਲ ਵੀ ਬਣਵਾਇਆ ਗਿਆ ਸੀ, ਜੋ ਸਰਕਾਰੀ ਪੱਧਰ 'ਤੇ ਤਕਨੀਕੀ ਕਾਰਨਾਂ ਕਰਕੇ ਚਾਲੂ ਨਹੀਂ ਹੋ ਸਕਿਆ | ਇਸ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਉਕਤ ਪਿੰਡ ਦੇ ਗਿਆਨੀ ਰਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਕਾਂਡ ਤੋਂ ਬਾਅਦ ਹਮਲਾਵਰ ਤਾਂ ਫਰਾਰ ਹੋ ਗਏ ਪਰ ਡਰਦਿਆਂ ਕੋਈ ਵੀ ਪਿੰਡ ਵਾਸੀ ਦਹਿਸ਼ਤ ਕਾਰਨ ਘਰੋਂ ਬਾਹਰ ਨਹੀਂ ਸੀ ਨਿਕਲ ਰਿਹਾ | ਉਨ੍ਹਾਂ ਹੌਸਲਾ ਕਰਕੇ ਕੁਝ ਸਿੰਘਾਂ ਨੂੰ ਨਾਲ ਲਿਆ ਤੇ ਮੌਕੇ 'ਤੇ ਜਾ ਕੇ ਵੇਖਿਆ ਕਿ ਨਾਨਕ ਸਿੰਘ ਤੇ ਸਿਰਤਾਜ ਸਿੰਘ ਦੇ ਛਾਤੀ ਤੇ ਪੇਟ 'ਚ ਗੋਲੀਆਂ ਲੱਗਣ ਕਾਰਨ ਉਹ ਖੂਨ ਨਾਲ ਲਥਪੱਥ ਜ਼ਖ਼ਮੀ ਹਾਲਤ 'ਚ ਤੜਫ ਰਹੇ ਸਨ | ਇਨ੍ਹਾਂ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਏ ਜਾਣ ਕਾਰਨ ਸਿਰਤਾਜ ਸਿੰਘ ਆਪਣੇ ਘਰ 'ਚ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਪਰ ਨਾਨਕ ਸਿੰਘ ਬਚ ਗਿਆ | ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਸਮੇਂ-ਸਮੇਂ ਦੌਰਾਨ ਪ੍ਰਧਾਨ ਮੰਤਰੀ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਸੰਗਠਨ ਕੋਲ ਗੁਹਾਰ ਲਗਾਈ ਗਈ ਹੈ ਪਰ ਅੱਜ ਤੱਕ ਇਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਮਨਾਂ 'ਚ ਵੱਡਾ ਰੋਸ ਹੈ |

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ ਅਗਲੀ ਖ਼ਬਰ ਪਾਕਿ 'ਚ ਜੱਜ ਫ਼ੌਜ ਮੁਖੀ ਨੂੰ ਵਾਧੂ ਸ਼ਕਤੀਆਂ ਦੇਣ ਵਾਲੇ ਕਾਨੂੰਨ ਨੂੰ ਨਹੀਂ ਦੇ ਸਕਣਗੇ ਚੁਣੌਤੀ <br/>
Ad Position 24
No active advertisement