ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸੁਪਰੀਮ ਕੋਰਟ ਤੋਂ ਬਾਅਦ ਹਾਈ ਕੋਰਟ ਦੇ ਜੱਜਾਂ ਨੇ ਵੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੂੰ ਵਾਧੂ ਸ਼ਕਤੀਆਂ ਪ੍ਰਦਾਨ ਕਰਨ ਵਾਲੀ 27ਵੀਂ ਸੰਵਿਧਾਨਕ ਸੋਧ 'ਤੇ ਇਤਰਾਜ਼ ਜਤਾਇਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ 4 ਜੱਜਾਂ ਜਸਟਿਸ ਮੋਹਸਿਨ ਅਖ਼ਤਰ ਕਿਆਨੀ, ਜਸਟਿਸ ਬਾਬਰ ਸੱਤਾਰ, ਜਸਟਿਸ ਸਰਦਾਰ ਇਜਾਜ਼ ਇਸਹਾਕ ਖਾਨ ਅਤੇ ਜਸਟਿਸ ਸਮਾਨ ਰਿਫ਼ਾਤ ਇਮਤਿਆਜ਼ ਨੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੁਆਰਾ ਪੇਸ਼ ਕੀਤੀ ਗਈ 27ਵੀਂ ਸੰਵਿਧਾਨਕ ਸੋਧ ਨੂੰ ਚੁਣੌਤੀ ਦੇਣਾ ਚਾਹੁੰਦੇ ਸਨ | ਹਾਲਾਂਕਿ, ਸੁਪਰੀਮ ਕੋਰਟ ਨੇ ਇਨ੍ਹਾਂ ਜੱਜਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਹਾਲ ਹੀ 'ਚ ਸਥਾਪਿਤ ਕੀਤੀ ਸੰਘੀ ਸੰਵਿਧਾਨਕ ਅਦਾਲਤ (ਐੱਫ. ਸੀ. ਸੀ.) ਤੱਕ ਪਹੁੰਚ ਕਰਨ ਦੀ ਸਲਾਹ ਦਿੱਤੀ | ਹਾਲਾਂਕਿ, 27ਵੀਂ ਸੋਧ ਨੂੰ ਚੁਣੌਤੀ ਦੇਣ ਵਾਲੇ ਜੱਜਾਂ ਨੇ ਦਲੀਲ ਦਿੱਤੀ ਕਿ ਐੱਫ. ਸੀ. ਸੀ. ਸੰਵਿਧਾਨਕ ਮਾਮਲਿਆਂ ਦੀ ਸੁਣਵਾਈ ਲਈ ਬਣਾਈ ਗਈ ਹੈ ਅਤੇ ਇਹ ਖ਼ੁਦ 27ਵੀਂ ਸੋਧ ਤੋਂ ਪੈਦਾ ਹੋਈ ਹੈ | ਇਸ ਲਈ ਐੱਫ. ਸੀ. ਸੀ. ਉਸ ਕਾਨੂੰਨ ਨੂੰ ਕਿਵੇਂ ਚੁਣੌਤੀ ਦੇ ਸਕਦੀ ਹੈ ਜਿਸ ਨੇ ਇਸ ਨੂੰ ਜਨਮ ਦਿੱਤਾ |