ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)-ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸ੍ਰੀ ਨਰੇਸ਼ ਬਾਂਸਲ ਨੇ ਕਿਹਾ ਹੈ ਕਿ ਲੋਕਪੱਖੀ ਨੀਤੀਆਂ ਕਰਕੇ ਭਾਜਪਾ ਦਾ ਲੋਕਾਂ ਵਿਚ ਭਰੋਸਾ ਵਧਿਆ ਹੈ ਕਿਉਂਕਿ ਭਾਜਪਾ ਸਿਰਫ਼ ਚੋਣਾਂ ਵਿਚ ਸਰਗਰਮ ਨਹੀਂ ਹੁੰਦੀ ਸਗੋਂ ਉਸ ਦੇ ਆਗੂ ਅਤੇ ਵਰਕਰ 365 ਦਿਨ ਲੋਕਾਂ ਵਿਚ ਰਹਿੰਦੇ ਹਨ ਤੇ ਇਸ ਕਰਕੇ ਪਾਰਟੀ ਦਾ ਗਰਾਫ਼ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਦੇਸ਼ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪਾਰਟੀ ਅਤੇ ਦੇਸ਼ ਦੀ ਸਾਖ ਵਧੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਨਰੇਸ਼ ਬਾਂਸਲ ਨੇ ਅੱਜ 'ਅਜੀਤ ਭਵਨ' ਵਿਖੇ ਇਕ ਮੁਲਾਕਾਤ ਦੌਰਾਨ ਕੀਤਾ | ਸ੍ਰੀ ਬਾਂਸਲ ਨੇ ਦੱਸਿਆ ਕਿ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਪਰਵ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਪ੍ਰੋਗਰਾਮਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ | ਸਰਦਾਰ ਪਟੇਲ ਵਲੋਂ ਆਜ਼ਾਦੀ ਤੋਂ ਬਾਅਦ 562 ਰਿਆਸਤਾਂ ਨੂੰ ਇਕੱਠਾ ਕੀਤਾ ਕਰਨ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਲਈ ਇਤਿਹਾਸਕ ਕੰਮ ਕੀਤੇ ਗਏ ਸੀ ਪਰ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ | ਭਾਜਪਾ ਵਲੋਂ ਸਰਦਾਰ ਪਟੇਲ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਅਤੇ ਨੌਜਵਾਨ ਪੀੜੀ ਨੂੰ ਉਨ੍ਹਾਂ ਵਲੋਂ ਕੀਤੇ ਗਏ ਇਤਿਹਾਸਕ ਕੰਮਾਂ ਬਾਰੇ ਜਾਣੰੂ ਕਰਵਾਉਣ ਤੇ 2047 ਤੱਕ ਸੇ੍ਰਸ਼ਠ ਅਤੇ ਆਤਮ ਨਿਰਭਰ, ਸਮਰੱਥ, ਭਾਰਤ ਤੇ ਸੁਰੱਖਿਅਤ ਭਾਰਤ ਦਾ ਸੰਦੇਸ਼ ਦੇਣ ਲਈ ਉਨਾਂ ਦੀ 150ਵੀਂ ਜੈਅੰਤੀ ਪਰਵ ਮੌਕੇ 1 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਏਕਤਾ ਮਾਰਚ ਕੱਢਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 26 ਨਵੰਬਰ ਤੋਂ 6 ਦਸੰਬਰ ਤੱਕ ਕੌਮੀ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਸਰਦਾਰ ਪਟੇਲ ਦੇ ਗ੍ਰਹਿ ਖੇਤਰ ਕਮਤਾਸ ਗੁਜਰਾਤ ਤੋਂ ਸਟੇਚੂ ਆਫ਼ ਯੂਨਿਟੀ ਬੁੱਤ ਤੱਕ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿਚ ਪਾਰਟੀ ਦੇ ਸਾਰੇ ਆਗੂ ਸ਼ਾਮਿਲ ਹੋਣਗੇ | 'ਆਪ' ਸਰਕਾਰ 'ਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਨਰੇਸ਼ ਬਾਂਸਲ ਨੇ ਕਿਹਾ ਕਿ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਨਾ ਪਾਉਣ ਦੇ ਵਿਰੋਧ ਵਿਚ 22 ਨਵੰਬਰ ਨੂੰ ਭਾਜਪਾ ਮਹਿਲਾ ਮੋਰਚਾ ਵਲੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਨਿਵਾਸ ਸਥਾਨ ਦਾ ਘਿਰਾਓ ਕੀਤਾ ਜਾ ਰਿਹਾ ਹੈ |