ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਜੇ.ਐਸ. ਨਿੱਕੂਵਾਲ)-ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਸਮੇਂ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ | ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ ਸਮੇਤ ਵੱਖ-ਵੱਖ ਅਸਥਾਨਾਂ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ | ਸ਼੍ਰੋਮਣੀ ਕਮੇਟੀ ਵਲੋਂ ਜਿਥੇ ਸੰਗਤਾਂ ਦੀ ਸਹੂਲਤ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ, ਉੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ, ਵੱਖ-ਵੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤ ਵਲੋਂ ਲੰਗਰ ਲਗਾਏ ਗਏ ਹਨ | ਸ਼ਤਾਬਦੀ ਸਮਾਗਮਾਂ ਮੌਕੇ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਹੈ, ਜੋ ਸੰਗਤ ਲਈ ਖਿੱਚ ਦਾ ਕੇਂਦਰ ਰਹੀ | ਧਰਮ ਪ੍ਰਚਾਰ ਕਮੇਟੀ ਦੀ ਪੁਸਤਕ ਪ੍ਰਦਰਸ਼ਨੀ ਪ੍ਰਤੀ ਵੀ ਸੰਗਤਾਂ ਵਿਚ ਵੱਡਾ ਉਤਸ਼ਾਹ ਸੀ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸ਼ਖ਼ਸੀਅਤਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਦਿਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਤੇ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ ਸ਼ਾਮਿਲ ਸਨ |