ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਕਸ਼ਮੋਰ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਿੰਘ ਸਭਾ ਵਿਖੇ ਅੱਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਕਸ਼ਮੋਰ ਤੋਂ 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਮਹੇਸ਼ ਸਿੰਘ ਦਾਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਦੌਰਾਨ ਭਾਈ ਪ੍ਰਭਜੀਵਨ ਸਿੰਘ, ਭਾਈ ਦਲੀਪ ਸਿੰਘ ਮਲੇਸ਼ੀਆ, ਭਾਈ ਦਵਿੰਦਰਬੀਰ ਸਿੰਘ ਯੂ. ਕੇ., ਭਾਈ ਫ਼ਰੀਦ ਸਿੰਘ, ਭਾਈ ਮਨਦੇਵ ਸਿੰਘ ਅਤੇ ਭਾਈ ਕਬੀਰ ਸਿੰਘ ਮਲੇਸ਼ੀਆ ਆਦਿ ਸਮੇਤ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਕੀਰਤਨੀ ਜਥਿਆਂ ਨੇ ਧੁਰ ਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸੰਗਤ ਨੂੰ ਅੰਮਿ੍ਤਮਈ ਗੁਰਬਾਣੀ ਦੇ ਰੰਗ 'ਚ ਰੰਗਿਆ | ਇਸ ਮੌਕੇ ਕਰਵਾਏ ਸਮਾਗਮ 'ਚ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੇ ਇਲਾਵਾ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ, ਸ਼ਮਸ਼ੇਰ ਸਿੰਘ, ਮੈਂਬਰ ਸੂਬਾਈ ਅਸੈਂਬਲੀ ਸਰਦਾਰ ਅਲੀ ਜਾਨ ਮਜ਼ਾਰੀ, ਰਮੇਸ਼ ਲਾਲ, ਗੁਲ ਮੁਹੰਮਦ ਜ਼ਕਰਾਨੀ ਆਦਿ ਸਮੇਤ ਸੂਬੇ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਨਾਨਕ ਨਾਮ ਲੇਵਾ ਸੰਗਤ ਹਾਜ਼ਰ ਰਹੀ | ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ | ਉਨ੍ਹਾਂ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਸਮੁੱਚੀ ਸਿੱਖ ਸੰਗਤ ਨੂੰ ਵਿਦਿਆ, ਸਿਹਤ ਸੇਵਾਵਾਂ ਅਤੇ ਗਰੀਬ ਲੜਕੀਆਂ ਦੇ ਵਿਆਹਾਂ ਦੇ ਲੰਗਰ ਲਗਾਉਣ ਲਈ ਆਦੇਸ਼ ਜਾਰੀ ਕਰਨ ਦੀ ਵੀ ਅਪੀਲ ਕੀਤੀ | ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤ ਨੂੰ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ |