ਹੁਸ਼ਿਆਰਪੁਰ, 8 ਦਸੰਬਰ (ਬਲਜਿੰਦਰਪਾਲ ਸਿੰਘ)-ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਐਨ.ਟੀ.ਐਫ. ਪੰਜਾਬ) ਵਲੋਂ ਹੁਕਮ ਜਾਰੀ ਕਰਦਿਆਂ ਬਬਨਦੀਪ ਸਿੰਘ ਡੀ.ਐਸ.ਪੀ. (ਹੈੱਡਕੁਆਟਰ) ਹੁਸ਼ਿਆਰਪੁਰ ਨੂੰ ਇਕ ਕੋਰਸ ਦੌਰਾਨ ਅਨੁਸ਼ਾਸਨਹੀਣਤਾ ਅਤੇ ਗਲਤ-ਵਿਵਹਾਰ ਲਈ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਵਿਖੇ ਇਕ ਕੋਰਸ ਲਈ ਬਬਨਦੀਪ ਸਿੰਘ ਡੀ.ਐਸ.ਪੀ. (ਹੈੱਡਕੁਆਟਰ) ਹੁਸ਼ਿਆਰਪੁਰ ਨੂੰ 17 ਤੋਂ 22 ਨਵੰਬਰ ਤੱਕ ਨਿਯੁਕਤ ਕੀਤਾ ਗਿਆ ਸੀ | ਇਸ ਦੌਰਾਨ ਉਨ੍ਹਾਂ ਵਲੋਂ ਅਨੁਸ਼ਾਸਨਹੀਣਤਾ ਅਤੇ ਦੁਰਵਿਵਹਾਰ ਕੀਤੇ ਜਾਣ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ | ਜਿਸ ਦੀ ਜਾਂਚ ਤੋਂ ਬਾਅਦ ਉਕਤ ਦੋਸ਼ ਸਹੀ ਪਾਏ ਜਾਣ 'ਤੇ ਡੀ.ਐਸ.ਪੀ. (ਹੈੱਡਕੁਆਟਰ) ਬਬਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ | ਹੁਕਮ 'ਚ ਇਹ ਵੀ ਕਿਹਾ ਗਿਆ ਕਿ ਉਕਤ ਰਵੱਈਏ ਕਾਰਨ ਪੁਲਿਸ ਵਿਭਾਗ ਦੀ ਬਦਨਾਮੀ ਹੋਈ ਹੈ |