ਚੰਡੀਗੜ੍ਹ, 17 ਦਸੰਬਰ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਕੈਦੀਆਂ ਦਰਮਿਆਨ ਹੋਈ ਹਿੰਸਕ ਸਾਂਝੀ ਝੜਪ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ¢ ਉਨ੍ਹਾਂ ਕਿਹਾ ਕਿ ਇਹ ਘਟਨਾ ਰਾਜ ਦੀ ਜੇਲ੍ਹ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਬੇਨਕਾਬ ਕਰਦੀ ਹੈ | ਬਾਜਵਾ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਜੇਲ੍ਹ ਸੁਪਰਿੰਟੈਂਡੈਂਟ ਕੁਲਵੰਤ ਸਿੰਘ ਸਿੱਧੂ ਸਮੇਤ ਕਈ ਜੇਲ੍ਹ ਅਧਿਕਾਰੀ ਜ਼ਖ਼ਮੀ ਹੋਏ, ਜੋ ਕੈਦੀਆਂ ਦੀ ਨਿਗਰਾਨੀ, ਸੁਰੱਖਿਆ ਪ੍ਰਬੰਧਾਂ ਅਤੇ ਸੰਕਟ ਪ੍ਰਬੰਧਨ ਵਿੱਚ ਗੰਭੀਰ ਖਾਮੀਆਂ ਨੂੰ ਦਰਸਾਉਂਦਾ ਹੈ | ਇਸ ਘਟਨਾ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਨਾਕਾਮੀ ਕਰਾਰ ਦਿੰਦਿਆਂ ਬਾਜਵਾ ਨੇ ਜੇਲ੍ਹ ਮੰਤਰੀ ਲਲਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਸਤੰਬਰ 2024 ਵਿਚ ਵਿਭਾਗ ਦਾ ਚਾਰਜ ਸੰਭਾਲਿਆ ਸੀ, ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਉਠਾਏ | ਕਾਂਗਰਸ ਦੇ ਸੀਨੀਅਰ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਲੁਧਿਆਣਾ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਸਗੋਂ ਆਪ ਸਰਕਾਰ ਦੇ ਦੌਰ ਵਿਚ ਪੰਜਾਬ ਦੀਆਂ ਜੇਲ੍ਹਾਂ ਅੰਦਰ ਵਧ ਰਹੀ ਬੇਲਗਾਮ ਹਿੰਸਾ ਦੇ ਰੁਝਾਨ ਦਾ ਹਿੱਸਾ ਹੈ |
'ਆਪ' ਸਰਕਾਰ ਦੇ ਰਾਜ 'ਚ ਪੰਜਾਬ ਦੀਆਂ ਜੇਲ੍ਹਾਂ ਜੰਗ ਦਾ ਮੈਦਾਨ ਬਣਦੀਆਂ ਜਾ ਰਹੀਆਂ ਹਨ-ਬਾਜਵਾ <br/>
ਅਜੀਤ ਡੈਸਕ
18-12-2025