ਸੰਗਰੂਰ, 19 ਦਸੰਬਰ (ਧੀਰਜ ਪਸੋਰੀਆ)-ਸਾਲ 1945 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਪਾਸ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਲੈ ਕੇ ਸੰਗਰੂਰ ਦੇ ਬਜ਼ੁਰਗ ਵਕੀਲ ਮਹਿੰਦਰ ਸਿੰਘ ਗਿੱਲ ਸਮੇਤ ਚਾਰ ਵਕੀਲਾਂ ਨੇ ਅਦਾਲਤ ਵਿਚ ਦਾਅਵਾ ਪਾ ਕੇ ਮੰਗ ਕੀਤੀ ਹੈ ਕਿ ਕਮੇਟੀ ਇਸ ਮਰਿਆਦਾ ਨੂੰ ਪਹਿਲਾਂ ਆਪਣੇ ਸਾਰੇ ਮੈਂਬਰਾਂ ਅਤੇ ਮੁਲਾਜ਼ਮਾਂ 'ਤੇ ਲਾਗੂ ਕਰੇ ਅਤੇ ਬਾਅਦ ਵਿਚ ਸਾਰੇ ਪੰਜਾਬੀਆਂ ਨੂੰ ਇਸ ਸਿੱਖ ਮਰਿਆਦਾ ਨੂੰ ਆਪਣੇ ਸਮਾਜਿਕ ਪ੍ਰੋਗਰਾਮਾਂ ਵਿਚ ਲਾਗੂ ਕਰਨ ਲਈ ਕਹੇ | ਸੰਗਰੂਰ ਦੀ ਇਕ ਅਦਾਲਤ ਨੇ ਇਸ ਦਾਵੇ ਨੂੰ ਮਨਜ਼ੂਰ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਸੰਮਨ ਭੇਜਦਿਆਂ ਸੁਣਵਾਈ ਲਈ 21 ਜਨਵਰੀ ਦੀ ਤਰੀਕ ਨਿਰਧਾਰਿਤ ਕੀਤੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਵਕੀਲਾਂ ਨੇ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਵੀ ਭੇਜਿਆ ਸੀ | ਪੂਰੇ ਮੁੱਦੇ ਬਾਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਵਕੀਲ ਮਹਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਲ 1932 ਵਿਚ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਨੇ ਪੰਜਾਬ ਵਿਚ ਧਾਰਮਿਕ ਅਤੇ ਸਮਾਜਿਕ ਰਸਮਾਂ ਨੂੰ ਨਿਯਮਤ ਕਰਨ ਲਈ ਇਕ ਕਮੇਟੀ ਬਣਾਈ ਸੀ ਜਿਸ ਵਿਚ ਪੰਜਾਬ ਦੇ ਉੱਘੇ ਵਿਦਵਾਨਾਂ ਅਤੇ ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਇਸ ਕਮੇਟੀ ਨੇ ਆਪਣੀ ਰਿਪੋਰਟ ਸਾਲ 1945 ਵਿਚ ਪੇਸ਼ ਕਰ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਮਨਜ਼ੂਰ ਕਰ ਲਿਆ ਸੀ ਪ੍ਰੰਤੂ ਅੱਜ ਤੱਕ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਕੀਤੀ ਗਈ | ਇਸ ਸੰਬੰਧ ਵਿਚ ਪੰਜਾਬ ਦੇ ਸਾਰੇ ਤਖ਼ਤਾਂ ਦੇ ਜਥੇਦਾਰਾਂ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਸੀ ਕਿ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਇਸ ਮਰਿਆਦਾ ਨੂੰ ਲਾਗੂ ਕੀਤਾ ਜਾਵੇ | ਸਿੱਖ ਰਹਿਤ ਮਰਿਆਦਾ ਵਿਚ ਤੈਅ ਕੀਤਾ ਗਿਆ ਸੀ ਕਿ ਲੜਕੀ ਅਤੇ ਲੜਕੇ ਦੇ ਵਿਆਹ ਸਮੇਂ ਕੋਈ ਲੈਣ ਦੇਣ ਨਹੀਂ ਕਰਨਾ, ਨਾ ਹੀ ਕੋਈ ਵਾਧੂ ਰਸਮ ਕਰਨੀ ਹੈ | ਬਜ਼ੁਰਗਾਂ ਦੀ ਮੌਤ ਤੇ ਸਾਦੇ ਭੋਗ ਪਾਏ ਜਾਣਗੇ, ਸੰਸਕਾਰ ਤੋਂ ਬਾਅਦ ਫੁੱਲਾਂ ਦੀ ਰਸਮ ਕਿਸੇ ਵੀ ਚਲਦੇ ਪਾਣੀ ਵਿਚ ਜਾਂ ਟੋਆ ਪੁੱਟ ਕੇ ਦੱਬ ਕੇ ਕੀਤੀ ਜਾ ਸਕਦੀ ਹੈ | ਕੀਰਤਪੁਰ ਸਾਹਿਬ ਵਿਖੇ ਫੁੱਲਾਂ ਦੀ ਰਸਮ ਕਰਨੀ ਮਨਮਤ ਹੈ | ਪੰਜਾਬ ਵਿਚ ਚੱਲ ਰਹੇ ਮੌਜੂਦਾ ਵਰਤਾਰੇ 'ਤੇ ਗੱਲ ਕਰਦਿਆਂ ਵਕੀਲ ਮਹਿੰਦਰ ਸਿੰਘ ਗਿੱਲ ਨੇ ਕਿਹਾ ਕਿ ਵਿਆਹਾਂ ਸ਼ਾਦੀਆਂ ਵਿਚ ਬਹੁਤ ਜ਼ਿਆਦਾ ਬੇਲੋੜੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ | ਲੋਕ ਆਪਣੇ ਬੱਚਿਆਂ ਦੇ ਵਿਆਹ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਕਰ ਰਹੇ ਹਨ ਜਿਸ ਕਰ ਕੇ ਆਮ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਹਨ ਅਤੇ ਕੁਝ ਕੁ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਹੋ ਰਹੇ ਹਨ ਜਾਂ ਫਿਰ ਕੰਨਿਆ ਭਰੂਣ ਹੱਤਿਆ ਦੇ ਰਾਹ ਪੈ ਰਹੇ ਹਨ | ਅਜਿਹੀਆਂ ਹੋ ਰਹੀਆਂ ਅਜਿਹੀਆਂ ਅਲਾਮਤਾਂ ਤੋਂ ਬਚਣ ਲਈ ਫ਼ੌਰੀ ਤੌਰ ਤੇ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਜਾਣੀ ਚਾਹੀਦੀ ਹੈ |