ਬਟਾਲਾ (ਡੇਰਾ ਬਾਬਾ ਨਾਨਕ), 19 ਦਸੰਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਆਏ ਹੜ੍ਹਾਂ ਤੋਂ ਪ੍ਰਭਾਵਿਤ ਡੇਰਾ ਬਾਬਾ ਨਾਨਕ ਨਾਲ ਲਗਦੇ ਸਰਹੱਦੀ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਦਾਰਾ 'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ 20ਵੇਂ ਗੇੜ ਤਹਿਤ ਗਰਮ ਸੂਟ, ਬੂਟ, ਟੋਪੀਆਂ, ਜੁਰਾਬਾਂ ਤੇ ਪੜ੍ਹਾਈ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਸਮੱਗਰੀ ਵੰਡੀ ਗਈ | 'ਅਜੀਤ' ਵਲੋਂ ਅੱਜ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਜ਼ਾਦਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਡਾਲਾ, ਸਰਕਾਰੀ ਮਿਡਲ ਸਕੂਲ ਸ਼ਹਿਜਾਦਾ ਕਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਹ ਸਹਾਇਤਾ ਸਮੱਗਰੀ ਦਿੱਤੀ ਗਈ | ਜ਼ਿਕਰਯੋਗ ਹੈ ਕਿ 'ਅਜੀਤ' ਵਲੋਂ ਪਹਿਲਾਂ ਕਿਸਾਨਾਂ ਨੂੰ ਫ਼ਸਲਾਂ ਬੀਜਣ ਲਈ ਡੀਜ਼ਲ, ਵਧੀਆ ਕਿਸਮ ਕਣਕ ਦਾ ਬੀਜ, ਖਾਦ, ਕੰਬਲ ਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ ਸੀ ਅਤੇ ਹੁਣ 'ਅਜੀਤ' ਮੈਨੇਜਮੈਂਟ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਤੇ ਪੜ੍ਹਾਈ ਦੇ ਮੱਦੇਨਜ਼ਰ ਇਹ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਮੌਕੇ ਸਾ. ਸਰਪੰਚ ਇੰਦਰਜੀਤ ਸਿੰਘ ਸ਼ਹਿਜ਼ਾਦਾ ਕਲਾਂ, ਮੈਡਮ ਨਿਰਮਲ ਜੋਤੀ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਜ਼ਾਦਾ, ਮੈਡਮ ਕਿੰਮੀ ਸ਼ਰਮਾ ਸਰਕਾਰੀ ਪ੍ਰਾਇਮਰੀ ਸਕੂਲ ਡਾਲਾ, ਗੁਰਮਿੰਦਰ ਸਿੰਘ, ਰਜਿੰਦਰ ਕੁਮਾਰ, ਮੈਡਮ ਅਨੀਤਾ, ਪ੍ਰੀਤੀ ਸ਼ਹਿਜ਼ਾਦਾ, ਮਾਪਿਆਂ ਅਤੇ ਵਿਦਿਆਰਥੀਆਂ ਨੇ ਅਦਾਰਾ 'ਅਜੀਤ' ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 'ਅਜੀਤ' ਨੇ ਹਮੇਸ਼ਾ ਪੀੜਤ ਲੋਕਾਂ ਦੀ ਬਾਂਹ ਫੜੀ ਹੈ |