ਐੱਸ. ਏ. ਐੱਸ. ਨਗਰ, 19 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਲੇਰਕੋਟਲਾ ਦਾ ਬੁੱਧ ਰਾਮ ਅਤੇ ਹਿਸਾਰ ਦਾ ਅਮਨ ਨਾਂਅ ਦਾ ਨੌਜਵਾਨ, ਜੋ ਕਿ ਰਸ਼ੀਆ (ਰੂਸ) ਵਿਖੇ ਰੁਜ਼ਗਾਰ ਦੀ ਭਾਲ 'ਚ ਗਏ ਸਨ, ਅਚਾਨਕ ਲਾਪਤਾ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੇ ਮਾਮਲੇ ਦੀ ਪੈਰਵਾਈ ਲਈ ਉਨ੍ਹਾਂ ਵਲੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰ ਮਾਰਗੇਰੀਟਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਹਿਸਾਰ ਦੇ ਰਹਿਣ ਵਾਲੇ ਅਮਨ ਦਾ ਇਕ ਸਾਥੀ ਸੋਨੰੂ ਰਸ਼ੀਆ ਦੀ ਫ਼ੌਜ 'ਚ ਭਰਤੀ ਕਰ ਲਿਆ ਗਿਆ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ | ਸੋਨੂੰ ਦੀ ਲਾਸ਼ ਨੂੰ ਹਿਸਾਰ ਪਹੁੰਚਾ ਦਿੱਤਾ ਗਿਆ ਪਰ ਅਮਨ ਦਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਚੱਲਿਆ | ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰਾਲਾ ਭਾਰਤ ਤੋਂ ਰਸ਼ੀਆ ਗਏ ਹੋਰਨਾਂ ਨੌਜਵਾਨਾਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਰਾਹੀਂ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਸੈਂਕੜੇ ਨੌਜਵਾਨ ਰਸ਼ੀਆ 'ਚ ਫਸੇ ਹੋਏ ਹਨ | ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੈਸਿਆਂ ਦੇ ਲਾਲਚ 'ਚ ਆਪਣੇ ਧੀਆਂ-ਪੁੱਤਰਾਂ ਨੂੰ ਉਦੋਂ ਤੱਕ ਰਸ਼ੀਆ ਜਾਂ ਯੂਕਰੇਨ ਆਦਿ ਵਿਖੇ ਨਾ ਭੇਜਣ, ਜਦੋਂ ਤੱਕ ਇਨ੍ਹਾਂ ਮੁਲਕਾਂ 'ਚ ਸ਼ਾਂਤੀ ਸਥਾਪਿਤ ਨਹੀਂ ਹੋ ਜਾਂਦੀ |