ਫਤਹਿਗੜ੍ਹ ਸਾਹਿਬ, 21 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਪ੍ਰੈੱਸ ਦੇ ਨਾਂਅ ਜਾਰੀ ਬਿਆਨ 'ਚ ਟੀ.ਵੀ. ਚੈਨਲਾਂ ਦੇ ਉਨ੍ਹਾਂ ਬਿਆਨਾਂ ਨੂੰ ਨਿਰਮੂਲ ਤੇ ਝੂਠਾ ਦੱਸਿਆ ਹੈ, ਜਿਨ੍ਹਾਂ ਦੁਆਰਾ ਪਾਰਟੀ ਦੇ ਕੌਮੀ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੇ ਜਾਣ ਬਾਰੇ ਅਫ਼ਵਾਹ ਫੈਲਾਈ ਜਾ ਰਹੀ ਹੈ | ਮਾਧੋਪੁਰ ਨੇ ਟੀ.ਵੀ. ਚੈਨਲਾਂ ਦੀ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪਾਰਟੀ ਦੀ ਉਚ ਪੱਧਰੀ ਮੀਟਿੰਗ 'ਚ ਉਹ ਵੀ ਸ਼ਾਮਿਲ ਸਨ ਅਤੇ ਮੀਟਿੰਗ ਬੜੀ ਚੜ੍ਹਦੀ ਕਲਾ 'ਚ ਹੋਈ, ਸਾਰਿਆਂ ਤੋਂ ਪਾਰਟੀ ਨੂੰ ਮਜਬੂਤ ਕਰਨ ਲਈ ਸੁਝਾਅ ਲਏ ਗਏ ਅਤੇ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਜ਼ਿਲਿ੍ਹਆਂ 'ਚ ਜ਼ਿਲ੍ਹਾ ਕਾਨਫਰੰਸਾਂ ਕਰਨ ਦਾ ਫੈਸਲਾ ਲਿਆ ਗਿਆ | ਹਰਵੇਲ ਸਿੰਘ ਮਾਧੋਪੁਰ ਨੇ ਅਜਿਹੇ ਟੀ.ਵੀ. ਚੈਨਲਾਂ ਨੂੰ ਅਪੀਲ ਕੀਤੀ ਕਿ ਬਿਨਾ ਕਿਸੇ ਠੋਸ ਸਬੂਤ ਦੇ ਅਜਿਹੀਆਂ ਖਬਰਾਂ ਨਾ ਫੈਲਾਈਆਂ ਜਾਣ |