ਅਟਾਰੀ ਸਰਹੱਦ (ਅੰਮਿ੍ਤਸਰ), 21 ਦਸੰਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਥਾਣਾ ਘਰਿੰਡਾ ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 40 ਕਰੋੜ ਦੀ ਅੱਠ ਕਿਲੋ ਹੈਰੋਇਨ ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਨੇਸ਼ਟਾ ਨਜ਼ਦੀਕ ਅਟਾਰੀ ਵਿਖੇ ਡਰੇਨ ਨਾਲ ਲੱਗ ਦੇ ਕਣਕ ਦੇ ਖੇਤਾਂ ਵਿਚ ਡਰੋਨ ਵਰਗੀ ਕੋਈ ਭਾਰੀ ਚੀਜ਼ ਡਿੱਗੀ ਹੋਈ ਹੈ | ਤਲਾਸ਼ੀ ਦੌਰਾਨ ਸਰਚ ਪਾਰਟੀ ਨੂੰ ਇੱਕ ਟੁੱਟਿਆ ਹੋਇਆ ਡਰੋਨ ਅਤੇ ਪੀਲੀ ਟੇਪ ਨਾਲ ਲਪੇਟੀ ਹੋਈ ਵਜਨਦਾਰ ਚੀਜ਼ ਬਰਾਮਦ ਹੋਈ | ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਕਤ ਵਜ਼ਨਦਾਰ ਚੀਜ਼ ਹੈਰੋਇਨ ਹੈ | ਵਜਨ ਕਰਨ ਉਪਰੰਤ ਕੁੱਲ 8 ਕਿਲੋ ਹੈਰੋਇਨ ਬਰਾਮਦ ਹੋਈ | ਇਸ ਸੰਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ | ਡੀ.ਐਸ.ਪੀ. ਅਟਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਦੱਸਣਯੋਗ ਅਟਾਰੀ ਸਰਹੱਦ ਨਜ਼ਦੀਕ ਡਿਫੈਂਸ ਨਹਿਰ ਦੇ ਪੁੱਲ ਤੋਂ ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦ ਭਾਰਤੀ ਫੌਜ ਦਾ ਇੱਕ ਭਗੌੜਾ ਜਵਾਨ ਜਿਸ 'ਤੇ ਪਿਛਲੇ ਸਮੇਂ ਵਿਚ ਭਾਰਤੀ ਫੌਜ ਦੇ ਖੁਫੀਆ ਦਸਤਾਵੇਜ਼ ਅਤੇ ਰਿਪੋਰਟਾਂ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਨੂੰ ਦੇਣ ਦੇ ਦੋਸ਼ ਤਹਿਤ ਫੌਜੀ ਰਾਜਬੀਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਾਰਨ ਤਾਰਨ ਦੇ ਖਿਲਾਫ ਅੰਮਿ੍ਤਸਰ ਦਿਹਾਤੀ ਥਾਣੇ ਘਰਿੰਡਾ ਵਿਖੇ ਪਰਚੇ ਦਰਜ ਸਨ ਤੇ ਉਹ ਭਗੌੜਾ ਚੱਲਦਾ ਆ ਰਿਹਾ ਸੀ, ਉਸ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਇਕ ਜਿੰਦਾ ਗ੍ਰਨੇਡ ਅਤੇ ਅੱਧਾ ਕਿਲੋ ਹੈਰੋਇਨ ਸਮੇਤ ਗਿ੍ਫਤਾਰ ਕਰਕੇ ਮੁਹਾਲੀ ਪੁਲਿਸ ਅਟਾਰੀ ਸਰਹੱਦ ਤੋਂ ਲੈ ਗਈ ਹੈ |
ਪਾਕਿ ਤੋਂ ਆਈ 40 ਕਰੋੜ ਦੀ 8 ਕਿੱਲੋ ਹੈਰੋਇਨ ਤੇ ਇਕ ਡਰੋਨ ਬਰਾਮਦ <br/>
ਅਟਾਰੀ ਸਰਹੱਦ ਨੇੜੇ ਡਿਫੈਂਸ ਨਹਿਰ 'ਤੇ ਡਿੱਗੇ ਡਰੋਨ ਸਮੇਤ ਅੱਠ ਕਿੱਲੋ ਹੈਰੋਇਨ | (ਸੱਜੇ) ਜਿੰਦਾ ਡਰੋਨ ਤੇ ਹੈਰੋਇਨ | ਤਸਵੀਰਾਂ: ਰਾਜਿੰਦਰ ਸਿੰਘ ਰੂਬੀ <br/>
22-12-2025