ਅੰਮਿ੍ਤਸਰ, 22 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਤੇ ਪਾਰਟੀ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਦਰਸ਼ਨ ਕਰਨ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਗਰੀਬਾਂ ਨੂੰ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਦੇਣ ਵਾਲੀ ਮਨਰੇਗਾ ਸਕੀਮ ਦੀ ਥਾਂ 'ਤੇ ਲਿਆਂਦੀ ਗਈ ਨਵੀਂ ਸਕੀਮ 'ਵਿਕਸਤ ਭਾਰਤ ਜੀ ਰਾਮ ਜੀ' ਦੀ ਕਰੜੀ ਨਿੰਦਾ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ | ਸੁਖਬੀਰ ਨੇ ਕਿਹਾ ਕਿ ਪਹਿਲਾਂ ਇਸ ਸਕੀਮ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ 'ਤੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ | ਉਨ੍ਹਾਂ ਕਿਹਾ ਕਿ ਰਾਜਨੀਤੀ ਕਰਦਿਆਂ ਹੁਣ ਸਕੀਮ ਦਾ ਨਾਮ ਬਦਲਣਾ ਠੀਕ ਨਹੀਂ ਹੈ | ਉਨ੍ਹਾਂ ਕੇਂਦਰ ਸਰਕਾਰ ਵਲੋਂ ਸਕੀਮ ਲਈ ਕੇਂਦਰ-ਰਾਜਾਂ ਦਰਮਿਆਨ ਫੰਡਾਂ ਦੀ ਵੰਡ 60:40 ਦੇ ਅਨੁਪਾਤ ਵਿਚ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੇ ਪੰਜਾਬ ਵਰਗੇ ਰਾਜ, ਆਪ ਦੀ ਸਰਕਾਰ ਦੇ ਰਾਜ ਵਿਚ ਕਥਿਤ ਵਿੱਤੀ ਗੜਬੜੀਆਂ ਅਤੇ ਘੁਟਾਲਿਆਂ ਕਾਰਨ ਇਸ ਸਕੀਮ ਵਾਸਤੇ ਯੋਗਦਾਨ ਨਹੀਂ ਪਾ ਸਕਣਗੇ, ਉਹ ਇਸ ਸਕੀਮ ਨੂੰ ਲਾਗੂ ਹੀ ਨਹੀਂ ਕਰ ਸਕਣਗੇ | ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਪੰਜਾਬ ਨੂੰ ਵਿੱਤੀ ਤੌਰ 'ਤੇ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਲਕੇ ਜੇਕਰ ਆਪ ਸਰਕਾਰ ਨਵੀਂ ਸਕੀਮ ਵਿਚ ਆਪਣਾ ਯੋਗਦਾਨ ਨਹੀਂ ਪਾਉਂਦੀ ਤਾਂ ਪੰਜਾਬੀ ਹੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਕਿਸੇ ਵੀ ਮਜ਼ਦੂਰ ਨੂੰ ਨਰੇਗਾ ਦੇ ਕੰਮ ਤੋਂ ਲਾਂਭੇ ਨਹੀਂ ਹੋਣ ਦੇਵਾਂਗੇ | ਉਨ੍ਹਾਂ ਕਿਹਾ ਕਿ ਆਪ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਨਵੀਂ ਸਕੀਮ ਲਾਗੂ ਕਰਨ ਦੇ ਖਿਲਾਫ ਸਾਂਝੇ ਤੌਰ 'ਤੇ ਵਿਰੋਧ ਕਰਨਾ ਚਾਹੀਦਾ ਹੈ |
ਕੇਂਦਰ ਸਰਕਾਰ ਮਨਰੇਗਾ ਸਕੀਮ ਦੀ ਥਾਂ ਲਿਆਂਦਾ ਗ਼ਰੀਬ ਵਿਰੋਧੀ ਸੋਧ ਬਿੱਲ ਤੁਰੰਤ ਵਾਪਸ ਲਵੇ-ਸੁਖਬੀਰ <br/>
ਅਜੀਤ ਡੈਸਕ
23-12-2025