ਰਾਜਾਸਾਂਸੀ, 27 ਦਸੰਬਰ (ਹਰਦੀਪ ਸਿੰਘ ਖੀਵਾ)-ਅੱਜ ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਣ ਅੰਮਿ੍ਤਸਰ ਤੋਂ ਮੋੜ ਕੇ ਜੈਪੁਰ ਪਹੁੰਚੀ ਉਡਾਣ ਦੇ ਯਾਤਰੀਆਂ ਵਲੋਂ ਜੈਪੁਰ ਹਵਾਈ ਅੱਡੇ 'ਤੇ ਏਅਰ ਲਾਇਨ ਦੇ ਸਟਾਫ਼ ਖਿਲਾਫ਼ ਭਾਰੀ ਹੰਗਾਮਾ ਕੀਤਾ ਤੇ ਕਿਹਾ ਕਿ ਜੇਕਰ ਇਹ ਉਡਾਣ ਮੁੜ ਅੰਮਿ੍ਤਸਰ ਵੱਲ ਨਾ ਰਵਾਨਾ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ | ਇਸ ਦੌਰਾਨ ਸਟਾਫ ਨਾਲ ਹੰਗਾਮੇ ਦੌਰਾਨ ਮਹਿਲਾ ਯਾਤਰੀਆਂ ਨੇ ਏਅਰ ਲਾਇਨ ਦੇ ਸਟਾਫ ਨੂੰ ਕਿਹਾ ਕਿ ਹੁਣ ਤਾਂ ਅੰਮਿ੍ਤਸਰ ਵਿਚ ਮੌਸਮ ਠੀਕ ਹੋ ਗਿਆ ਹੈ ਤੇ ਹੋਰ ਦੂਸਰੀਆਂ ਉਡਾਣਾਂ ਅੰਮਿ੍ਤਸਰ ਉਤਰ ਰਹੀਆਂ ਹਨ ਤਾਂ ਇਸ ਉਡਾਣ ਨੂੰ ਮੁੰਬਈ ਮੁੜ ਦੋਬਾਰਾ ਮੁੰਬਈ ਵੱਲ ਕਿਉਂ ਲਿਜਾਇਆ ਜਾ ਰਿਹਾ ਹੈ | ਇਸ ਲਈ ਸਾਰੇ ਯਾਤਰੀਆਂ ਵਲੋਂ ਹੰਗਾਮਾ ਕੀਤਾ ਗਿਆ ਸੀ | ਇਸ ਦੌਰਾਨ ਇਸ ਉਡਾਣ ਵਿਚ ਸਫਰ ਕਰ ਰਹੇ ਸਿੱਖ ਕੌਮ ਪੰਥ ਪ੍ਰਸਿੱਧ ਢਾਡੀ ਮਨਜੀਤ ਸਿੰਘ ਸੋਹੀ ਨੇ ਉਡਾਣ ਦੇ ਵਿਚੋਂ ਹੀ 'ਅਜੀਤ' ਨਾਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਅੰਮਿ੍ਤਸਰ 'ਚ ਸੰਘਣੀ ਧੁੰਦ ਹੋਣ ਕਾਰਣ ਮੌਸਮ ਖਰਾਬ ਹੋਣ ਤੇ ਜਿੱਥੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਉੱਥੇ ਉਡਾਣਾਂ ਨੂੰ ਹਵਾਈ ਅੱਡੇ ਤੇ ਉਤਰਨ ਦੀ ਆਗਿਆ ਨਾ ਮਿਲਣ ਕਰਕੇ ਕੁਝ ਉਡਾਣਾਂ ਨੂੰ ਅੰਮਿ੍ਤਸਰ ਹਵਾਈ ਦੇ ਉੱਪਰੋਂ ਹੀ ਵੱਖ ਵੱਖ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ | ਜਿਸ ਦੌਰਾਨ ਮੁੰਬਈ ਤੋਂ ਏਥੇ ਅੰਮਿ੍ਤਸਰ ਹਵਾਈ ਅੱਡੇ ਦੇ ਉੱਪਰ ਕਰੀਬ ਸਵੇਰੇ 7.35 ਵਜੇ ਪਹੁੰਚੀ ਏਅਰ ਇੰਡੀਆ ਦੀ ਉਡਾਣ ਨੰਬਰ-ਏ ਆਈ-2728 ਨੂੰ ਮੌਸਮ ਖਰਾਬ ਹੋਣ ਕਾਰਣ ਅੰਮਿ੍ਤਸਰ ਤੋਂ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ | ਜੈਪੁਰ ਪਹੁੰਚਣ ਤੋਂ ਬਾਅਦ ਉਕਤ ਏਅਰ ਲਾਇਨ ਦੇ ਸਟਾਫ ਵਲੋਂ ਇਸ ਜਹਾਜ਼ ਨੂੰ ਜੈਪੁਰ ਤੋਂ ਮੁੜ ਮੁੰਬਈ ਵੱਲ ਰਵਾਨਾ ਕਰਨ ਦੀ ਤਿਆਰੀ ਕਰ ਲਈ ਗਈ ਸੀ | ਪਰੰਤੂ ਯਾਤਰੀਆਂ ਨੇ ਇਸ ਦਾ ਭਾਰੀ ਵਿਰੋਧ ਕੀਤਾ ਤੇ ਹੰਗਾਮਾ ਖੜਾ ਕਰ ਦਿੱਤਾ |