28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਿੱਖ ਜਗਤ ਤੇ ਸਿੱਖ ਸੰਸਥਾਵਾਂ ਲਈ ਚੁਣੌਤੀਆਂ ਤੇ ਉਥਲ-ਪੁਥਲ ਵਾਲਾ ਰਿਹਾ '2025 ਦਾ ਵਰ੍ਹਾ' <br/>

Ad Position 21
No active advertisement
ਅਜੀਤ ਡੈਸਕ 30-12-2025

ਜਸਵੰਤ ਸਿੰਘ ਜੱਸ
ਅੰਮਿ੍ਤਸਰ, 29 ਦਸੰਬਰ-ਬੀਤ ਰਿਹਾ ਵਰ੍ਹਾ '2025' ਸਿੱਖ ਜਗਤ ਅਤੇ ਸਿੱਖ ਸੰਸਥਾਵਾਂ ਲਈ ਚੁਣੌਤੀਆਂ ਤੇ ਉਥਲ-ਪੁਥਲ ਵਾਲਾ ਰਿਹਾ ਹੈ | ਇਸ ਵਰੇ੍ਹ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਨ੍ਹਾਂ ਦੀਆਂ ਧਾਰਮਿਕ ਪਦਵੀਆਂ ਤੋਂ ਫਾਰਗ ਕੀਤੇ ਜਾਣ ਨੇ ਸਿੱਖ ਪੰਥ ਨੂੰ ਹੈਰਾਨ ਕਰ ਦਿੱਤਾ | ਕੁਝ ਹਫਤੇ ਪਹਿਲਾਂ 350 ਸਾਲਾ ਸ਼ਤਾਬਦੀ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਲੰਬੀ ਛੁੱਟੀ 'ਤੇ ਜਾਣ ਦੀ ਵੀ ਪੰਥਕ ਸਫ਼ਾਂ ਵਿਚ ਖਾਸੀ ਚਰਚਾ ਰਹੀ | ਅਗਸਤ ਮਹੀਨੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਿਚੋਂ ਨਾਰਾਜ਼ ਹੋਏ ਕਈ ਸੀਨੀਅਰ ਟਕਸਾਲੀ ਅਕਾਲੀ ਆਗੂਆਂ ਵਲੋਂ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਭਰਤੀ ਕਮੇਟੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਅੰਮਿ੍ਤਸਰ ਵਿਖੇ ਸਥਾਪਨਾ ਕੀਤੀ ਗਈ, ਜਿਸ ਦੇ ਪਹਿਲੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ | ਇਸੇ ਸਾਲ ਹੀ ਮਾਰਚ ਮਹੀਨੇ ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ, ਹਾਲਾਂਕਿ ਜਥੇਦਾਰ ਗੜਗੱਜ ਦੇ ਸੇਵਾ ਸੰਭਾਲ ਦੀ ਰਸਮ ਨੂੰ ਲੈ ਕੇ ਕਾਫੀ ਵਿਵਾਦ ਵੀ ਉੱਠਿਆ ਜਿਸ ਕਾਰਨ ਉਨ੍ਹਾਂ ਦੀ ਇਹ ਰਸਮ ਸ਼ੋ੍ਰਮਣੀ ਕਮੇਟੀ ਨੂੰ ਦੁਬਾਰਾ ਕਰਨੀ ਪਈ | ਫਰਵਰੀ ਮਹੀਨੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸੱਤ ਮੈਂਬਰੀ ਭਰਤੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫਾ ਪੰਥਕ ਹਲਕਿਆਂ ਵਿਚ ਕਾਫੀ ਚਰਚਾ ਦਾ ਵਿਸ਼ਾ ਰਿਹਾ, ਹਾਲਾਂਕਿ ਬਾਅਦ ਵਿਚ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈ ਲਿਆ | ਇਸੇ ਸਾਲ ਨਵੰਬਰ ਮਹੀਨੇ ਹੀ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ਦਾ ਵੱਡਾ ਮਾਣ ਵੀ ਪ੍ਰਾਪਤ ਹੋਇਆ | ਨਵੰਬਰ ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਅਨਿੰ੍ਹਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇਸ਼ ਭਰ ਵਿਚ ਉਤਸ਼ਾਹ ਸਹਿਤ ਮਨਾਈ ਗਈ, ਪਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਸ਼ਤਾਬਦੀ ਸਾਂਝੇ ਤੌਰ 'ਤੇ ਮਨਾਉਣ ਦੀ ਥਾਂ ਆਹਮੋ-ਸਾਹਮਣੇ ਰਹੀਆਂ | ਦਿੱਲੀ ਸਿੱਖ ਗੁ: ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਮੇਟੀਆਂ ਵਲੋਂ ਵੀ ਵੱਖੋ ਵੱਖਰੇ ਤੌਰ 'ਤੇ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਏ ਗਏ | ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਰਮਿਆਨ ਟਕਰਾਅ ਜਾਰੀ ਰਿਹਾ ਅਤੇ ਦੋਵਾਂ ਤਖ਼ਤ ਸਾਹਿਬਾਨ ਤੋਂ ਸਿੰਘ ਸਾਹਿਬਾਨ ਤੇ ਪੰਜ ਪਿਆਰੇ ਸਾਹਿਬਾਨ ਵਲੋਂ ਇਕ ਦੂਜੇ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਹਾਲਾਂਕਿ ਬਾਅਦ ਵਿਚ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਯਤਨਾਂ ਸਦਕਾ ਹੱਲ ਕਰ ਲਿਆ ਗਿਆ | ਇਸੇ ਸਾਲ ਜਗਦੀਸ਼ ਸਿੰਘ ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ | ਇਸ ਵਰੇ੍ਹ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ੍ਹ ਪੀੜ੍ਹਤਾਂ ਲਈ ਕੀਤੇ ਰਾਹਤ ਕਾਰਜ ਵੀ ਸਰਾਹੁਣਯੋਗ ਰਹੇ | ਸਜ਼ਾਵਾਂ ਪੂਰੀਆਂ ਕਰ ਚੱੁਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲੀ ਮਾਮਲੇ 'ਚ ਸਿੱਖ ਜਗਤ ਨੂੰ ਕੋਈ ਸਫ਼ਲਤਾ ਨਹੀਂ ਮਿਲ ਸਕੀ | ਭਾਰਤ ਸਰਕਾਰ ਵਲੋਂ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਨਵੰਬਰ ਮਹੀਨੇ ਸਿੱਖ ਜਥੇ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਤਾਂ ਮਿਲ ਗਈ, ਪਰ ਕਰਤਾਰਪੁਰ ਸਾਹਿਬ ਕੋਰੀਡੋਰ ਕੇਂਦਰ ਸਰਕਾਰ ਵਲੋਂ ਅਜੇ ਤੱਕ ਵੀ ਮੁੜ ਨਹੀਂ ਖੋਲਿ੍ਹਆ ਗਿਆ | ਇਸ ਸਾਲ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਆਪਣੀਆਂ ਭੁੱਲਾਂ ਗਲਤੀਆਂ ਲਈ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ 'ਤੇ ਧਾਰਮਿਕ ਤਨਖ਼ਾਹਾਂ ਲਗਾਈਆਂ ਗਈਆਂ ਤੇ ਵਲਟੋਹਾ 'ਤੇ ਅਕਾਲੀ ਦਲ ਮੈਂਬਰ ਬਣਨ 'ਤੇ 10 ਸਾਲ ਦੀ ਲੱਗੀ ਪਾਬੰਦੀ ਹਟਾ ਲਈ ਗਈ | ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਗ਼ੈਰ ਅੰਮਿ੍ਤਧਾਰੀ ਮੈਂਬਰਾਂ ਦਾ ਮਾਮਲਾ ਵੀ ਅਕਾਲ ਤਖ਼ਤ ਸਾਹਿਬ ਪੁੱਜਾ ਜਿਸ ਸੰਬੰਧੀ ਜਥੇ: ਗੜਗੱਜ ਵਲੋਂ ਅਗਲੀ ਸੁਣਵਾਈ 5 ਜਨਵਰੀ 2026 ਤੈਅ ਕੀਤੀ ਗਈ ਹੈ | ਪੰਜਾਬ ਸਰਕਾਰ ਵਲੋਂ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਨਗਰ ਵਿਖੇ ਕਰਵਾਇਆ ਸਭਿਆਚਾਰਕ ਸਮਾਗਮ ਤੇ ਸੈਮੀਨਾਰ ਵੀ ਚਰਚਾ ਵਿਚ ਰਿਹਾ ਤੇ ਕੈਬਨਿਟ ਮੰਤਰੀ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਧਾਰਮਿਕ ਤਨਖ਼ਾਹ ਭੁਗਤਣੀ ਪਈ | ਮਾਰਚ 'ਚ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਨਿਯਮਾਂ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਸੰਗਤਾਂ ਸਮੇਤ ਵਿਰੋਧ ਕਰਨ ਪੁੱਜੇ | ਸੰਨ੍ਹ 2020 ਦਾ 328 ਪਾਵਨ ਸਰੂਪਾਂ ਦਾ ਪੁਰਾਣਾ ਮਾਮਲਾ ਵੀ ਇਸ ਸਾਲ ਉਦੋਂ ਮੁੜ ਚਰਚਾ ਵਿਚ ਆਇਆ ਜਦੋਂ 7 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਲਈ ਇਕ 'ਸਿੱਟ' ਵੀ ਬਣਾ ਦਿੱਤੀ ਗਈ | ਪੰਜਾਬ ਸਰਕਾਰ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਅਵਸਰ 'ਤੇ ਤਿੰਨ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ | ਇਸ ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਵਿਸਫੋਟਕ ਸਮੱਗਰੀ ਨਾਲ ਧਮਾਕੇ ਕਰਨ ਸੰਬੰਧੀ ਧਮਕੀ ਭਰੀਆਂ ਕਈ ਈਮੇਲ ਵੀ ਸ਼੍ਰੋਮਣੀ ਕਮੇਟੀ ਦਫਤਰ ਨੂੰ ਪ੍ਰਾਪਤ ਹੋਈਆਂ | ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ ਤਹਿਤ ਜੇਲ੍ਹ ਯਾਤਰਾ ਕਰਨੀ ਪਈ | ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਕਈ ਜਥੇਬੰਦੀਆਂ ਵਲੋਂ ਭਾਰਤ ਸਰਕਾਰ ਵਲੋਂ ਐਲਾਨੇ ਵੀਰ ਬਾਲ ਦਿਵਸ ਦਾ ਨਾਂਅ ਬਦਲਣ ਦੀ ਮੰਗ ਇਸ ਸਾਲ ਵੀ ਜਾਰੀ ਰਹੀ | ਨਾਨਕਸ਼ਾਹੀ ਕੈਲੰਡਰ ਵਿਵਾਦ ਇਸ ਸਾਲ ਵੀ ਜਾਰੀ ਰਿਹਾ ਤੇ ਇਸ ਵਰੇ੍ਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਨਵਰੀ ਅਤੇ ਦਸੰਬਰ ਮਹੀਨੇ ਦੌਰਾਨ ਦੋ ਵਾਰ ਮਨਾਇਆ ਗਿਆ, ਪਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੂਜੀ ਵਾਰ ਆਉਣ ਕਰਕੇ ਸੰਗਤਾਂ ਨੂੰ ਇਹ ਪ੍ਰਕਾਸ਼ ਪੁਰਬ ਮਨਾਉਣ ਵਿਚ ਕਾਫੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ | ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ ਬਣੇ ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਇਸ ਸਾਲ ਵੀ ਡਿਬਰੂਗੜ੍ਹ ਜੇਲ੍ਹ ਵਿਚੋਂ ਰਿਹਾਈ ਨਹੀਂ ਹੋ ਸਕੀ | ਇਸ ਵਰੇ੍ਹ ਦੇ ਸ਼ੁਰੂ ਵਿਚ ਸਾਬਕਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਨੂੰ ਕੇਂਦਰ ਸਰਕਾਰ ਵਲੋਂ ਪਦਮ ਸ੍ਰੀ ਸਨਮਾਨ ਪ੍ਰਦਾਨ ਕੀਤਾ ਗਿਆ |
ਪ੍ਰਮੁੱਖ ਸ਼ਖ਼ਸੀਅਤਾਂ ਦੇ ਅਕਾਲ ਚਲਾਣੇ
ਇਸ ਵਰ੍ਹੇ ਸੀਨੀਅਰ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਬੱਬਰ ਖ਼ਾਲਸਾ ਜਥੇਬੰਦੀ ਦੇ ਮੁਖੀ ਭਾਈ ਮਹਿਲ ਸਿੰਘ ਬੱਬਰ, ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਬਾਬਾ ਸੁੱਚਾ ਸਿੰਘ, ਵਿਸ਼ਵ ਪ੍ਰਸਿੱਧ 114 ਸਾਲਾ ਬਜ਼ੁਰਗ ਸਿੱਖ ਦੌੜਾਕ ਬਾਪੂ ਫੌਜਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸਿੱਖ ਚਿੰਤਕ ਅਤੇ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਪੰਥਕ ਆਗੂ ਭਾਈ ਹਰਚਰਨ ਸਿੰਘ ਰੋਡੇ, ਬਾਪੂ ਸੂਰਤ ਸਿੰਘ, ਢਾਡੀ ਕੁਲਜੀਤ ਸਿੰਘ ਦਿਲਬਰ ਤੇ ਸਾਬਕਾ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਮੁੰਬਈ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ |

Ad Position 22
No active advertisement
ਪਿਛਲੀ ਖ਼ਬਰ ਸਨੌਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ <br/> ਅਗਲੀ ਖ਼ਬਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ-ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਦਨ 'ਚ ਕੀਤੀ ਜਾਵੇਗੀ ਸ਼ਰਧਾਂਜਲੀ ਭ...
Ad Position 24