ਸ਼ਾਹਕੋਟ : ਸ਼ਾਹਕੋਟ ਹਲਕੇ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਅਤੇ ਖਹਿਰਾ ਫਾਰਮ (ਪੈਲੇਸ) ਮਲਸੀਆਂ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੀ ਪਤਨੀ ਸਰਦਾਰਨੀ ਰਮਨਦੀਪ ਕੌਰ ਖਹਿਰਾ ਦਾ ਜਨਮ 4 ਜਨਵਰੀ 1982 'ਚ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਤੇ ਪਿਤਾ ਕੁਲਵੰਤ ਸਿੰਘ ਸਾਬਕਾ ਚੇਅਰਮੈਨ ਦੇ ਗ੍ਰਹਿ ਚੋਲ੍ਹਾ ਸਾਹਿਬ (ਤਰਨ ਤਾਰਨ) ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ, ਬੀ.ਐੱਡ, ਬੀ.ਡੀ.ਐੱਸ ਤੇ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਚੰਡੀਗੜ੍ਹ ਤੋਂ ਕੀਤੀ। 18 ਜਨਵਰੀ 2008 'ਚ ਇਨ੍ਹਾਂ ਦਾ ਵਿਆਹ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਪੁੱਤਰ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਨਾਲ ਹੋਇਆ। ਵਿਆਹ ਤੋਂ ਬਾਅਦ ਪ੍ਰਮਾਤਮਾ ਨੇ ਇਨ੍ਹਾਂ ਦੇ ਘਰ ਦੋ ਲੜਕੀਆਂ ਦੀ ਦਾਤ ਬਖ਼ਸ਼ੀ। ਵੱਡੀ ਲੜਕੀ ਪਾਹੁਲਦੀਪ ਕੌਰ ਖਹਿਰਾ ਤੇ ਛੋਟੀ ਲੜਕੀ ਭਵਦੀਪ ਕੌਰ ਖਹਿਰਾ ਸਕੂਲ ਵਿਚ ਪੜ੍ਹ ਰਹੀਆਂ ਹਨ। ਇਹ 2020 'ਚ ਪੂਰੇ ਪਰਿਵਾਰ ਸਮੇਤ ਅਮਰੀਕਾ ਚਲੇ ਗਏ। ਸੰਦੀਪ ਸਿੰਘ ਜੋ ਆਪਣੇ ਪੈਲੇਸ ਤੇ ਹੋਰ ਕਾਰੋਬਾਰ ਨੂੰ ਦੇਖਣ ਲਈ 5-6 ਮਹੀਨੇ ਬਾਅਦ ਭਾਰਤ ਆ ਜਾਂਦੇ ਸਨ ਜਦ ਕਿ ਰਮਨਦੀਪ ਕੌਰ ਬੱਚਿਆਂ ਨਾਲ ਅਮਰੀਕਾ ਹੀ ਰਹਿ ਰਹੇ ਸਨ। 2021 'ਚ ਅਮਰੀਕਾ ਵਿਖੇ ਇਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਪੁੱਤਰ ਵਿਸਮਾਦ ਸਿੰਘ ਖਹਿਰਾ ਦਾ ਪਾਲਣ-ਪੋਸ਼ਣ ਰਮਨਦੀਪ ਕੌਰ ਵਲੋਂ ਹੀ ਅਮਰੀਕਾ ਵਿਚ ਹੀ ਕੀਤਾ ਗਿਆ। ਰਮਨਦੀਪ ਕੌਰ ਮਿੱਠ ਬੋਲੜੇ ਤੇ ਧਾਰਮਿਕ ਖ਼ਿਆਲਾਂ ਦੇ ਮਾਲਕ ਸਨ। ਅਮਰੀਕਾ 'ਚ ਰਮਨਦੀਪ ਕੌਰ ਇਕ ਗੰਭੀਰ ਬਿਮਾਰੀ ਤੋਂ ਪੀੜਤ ਹੋ ਗਏ, ਜਿਥੇ ਲੰਮਾ ਸਮਾਂ ਇਲਾਜ ਚੱਲਿਆ, ਆਖ਼ਰ 16 ਨਵੰਬਰ 2025 ਨੂੰ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨਿਵਾਸ ਅਸਥਾਨ ਪੱਤੀ ਸ਼ਾਲਾ ਨਗਰ ਨਜ਼ਦੀਕ ਖਹਿਰਾ ਫਾਰਮ ਮਲਸੀਆਂ (ਸ਼ਾਹਕੋਟ) ਜ਼ਿਲ੍ਹਾ ਜਲੰਧਰ ਵਿਖੇ ਹੋਵੇਗੀ।
- ਦਲਜੀਤ ਸਿੰਘ ਸਚਦੇਵਾ ਸ਼ਾਹਕੋਟ