ਬੋਰਦੁਵਾ (ਅਸਾਮ), 29 ਦਸੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ ਬੰਗਲਾਦੇਸ਼ੀ ਘੁਸਪੈਠੀਆਂ ਨੂੰ , ਜੋ ਅਸਾਮ ਦੇ ਲੋਕਾਂ, ਉਨ੍ਹਾਂ ਦੀ ਸੰਸਕ੍ਰਿਤੀ, ਜ਼ਮੀਨ ਅਤੇ ਪਛਾਣ ਲਈ ਖ਼ਤਰਾ ਹਨ, ਆਪਣਾ ਵੋਟ ਬੈਂਕ ਮੰਨਦੀ ਹੈ | ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਸਿਰਫ ਅਸਾਮ 'ਚ, ਬਲਕਿ ਪੂਰੇ ਭਾਰਤ 'ਚ ਗੁਆਂਢੀ ਦੇਸ਼ ਤੋਂ ਆਏ ਸਾਰੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ ਅਸਾਮ ਦੇ ਲੋਕਾਂ ਦੀ ਸੰਸਕ੍ਰਿਤੀ ਪਛਾਣ ਦੀ ਸੁਰੱਖਿਆ ਯਕੀਨੀ ਬਣਾਈ ਹੈ, ਬਲਕਿ ਰਾਜ ਦੇ ਹਰ ਤਰਾਂ ਦੇ ਵਿਕਾਸ 'ਤੇ ਵੀ ਧਿਆਨ ਕੇਂਦਰਿਤ ਕੀਤਾ ਹੈ | ਗ੍ਰਹਿ ਮੰਤਰੀ ਨੇ ਇਥੇ ਨਾਗਾਓਾ ਜ਼ਿਲ੍ਹੇ 'ਚ ਵੈਸ਼ਨਵ ਸੰਤ ਸ੍ਰੀਮੰਤਾ ਸ਼ੰਕਰਦੇਵ ਦੇ ਜਨਮ ਸਥਾਨ ਬਟਾਦ੍ਰਵਾ ਥਾਨ ਦੇ 227 ਕਰੋੜ ਰੁਪਏ ਦੇ ਮੁੜ ਵਿਕਾਸ ਪ੍ਰਾਜੈਕਟ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਿਕ ਮੌਕਾ ਹੈ ਕਿ ਸ੍ਰੀਮੰਤਾ ਸ਼ੰਕਰਦੇਵ ਦੇ ਜਨਮ ਸਥਾਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਬੰਗਲਾਦੇਸ਼ੀ ਘੁਸਪੈਠੀਆਂ ਤੋਂ 1 ਲੱਖ ਵਿੱਘਾ ਤੋਂ ਜ਼ਿਆਦਾ ਜ਼ਮੀਨ ਖ਼ਾਲੀ ਕਰਵਾਈ ਹੈ | ਉਨ੍ਹਾਂ ਨੇ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਕਿ ਘੁਸਪੈਠੀਆਂ ਤੋਂ ਮੁਕਤ ਅਸਾਮ ਯਕੀਨੀ ਬਣਾਉਣ ਲਈ ਭਾਜਪਾ ਨੂੰ ਹੋਰ ਪੰਜ ਸਾਲ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਅਸਾਮ 'ਚੋਂ ਸਗੋਂ ਪੂਰੇ ਭਾਰਤ 'ਚੋਂ ਸਾਰੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ ਕਰਾਂਗੇ | ਉਨ੍ਹਾਂ ਕਿਹਾ ਕਿ ਸ਼ੰਕਰਦੇਵ ਨੇ ਇਕ ਭਾਰਤ ਦਾ ਨਾਅਰਾ ਦਿੱਤਾ ਸੀ, ਜਿਸ ਦਾ ਪਾਲਣ ਹੁਣ ਪ੍ਰਧਾਨ ਮੰਤਰੀ ਕਰ ਰਹੇ ਹਨ |
ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵੋਟ ਬੈਂਕ ਮੰਨਦੀ ਹੈ ਕਾਂਗਰਸ-ਅਮਿਤ ਸ਼ਾਹ <br/>
ਅਜੀਤ ਡੈਸਕ
30-12-2025