ਬੱਧਨੀ ਕਲਾਂ, 3 ਜੂਨ (ਸੰਜੀਵ ਕੋਛੜ)-ਫਖਰ-ਏ-ਦਸਤਾਰ ਵਿੰਗ ਬੁੱਟਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੇ ਆਖਰੀ ਦਿਨ ਦਸਤਾਰ ਮੁਕਾਬਲੇ ਅਤੇ ਨਾਲ ਸੁੰਦਰ ਲਿਖਾਈ, ਪੇਂਟਿੰਗ ਅਤੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ | ਇੰਜੀਨੀਅਰ ਨਿਰਮਲ ਸਿੰਘ ਮਾਹਲਾ, ਖਾਲਸਾ ਗੁਰਬਿੰਦਰ ਸਿੰਘ, ਬਲਵੀਰ ਸਿੰਘ ਨੇ ਦਸਤਾਰ ਬੰਨ੍ਹਣਾ ਸਿਖਾਇਆ | ਅਧਿਆਪਕ ਲਖਵਿੰਦਰ ਕੌਰ ਨੇ ਗੁਰਬਾਣੀ, ਇਤਿਹਾਸ ਕੰਠ ਕਰਵਾਉਣ ਦੀ ਭੂਮਿਕਾ ਨਿਭਾਈ | ਸਮਾਗਮ ਦੀ ਸ਼ੁਰੂਆਤ ਭਾਈ ਧਰਮਵੀਰ ਸਿੰਘ ਦੇ ਜਥੇ ਵਲੋਂ ਅਨੰਦਮਈ ਕੀਰਤਨ ਨਾਲ ਕੀਤੀ ਗਈ | ਦਸਤਾਰ ਮੁਕਾਬਲੇ ਦਾ ਨਤੀਜਾ ਜੱਜ ਨਿਸ਼ਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ | ਸੁੰਦਰ ਲਿਖਾਈ, ਪੇਂਟਿੰਗ, ਡਰਾਇੰਗ ਮੁਕਾਬਲੇ ਦੇ ਨਤੀਜੇ ਡਾ. ਸਰਬਜੀਤ ਕੌਰ ਬਰਾੜ, ਗੁਰਬਿੰਦਰ ਕੌਰ ਗਿੱਲ, ਤਨਜੀਤ ਕੌਰ ਨੇ ਐਲਾਨ ਕੀਤੇ | ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਬਾਕੀਆਂ ਨੂੰ ਲਿਖਣ ਲਈ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ. ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਕਿਹਾ ਫਸਲਾਂ ਤੇ ਨਸਲਾਂ ਬਚਾਉਣ ਲਈ ਗੁਰਸਿੱਖੀ ਜੀਵਨ ਜਾਚ ਜ਼ਰੂਰੀ ਹੈ | ਬੱਚਿਆਂ ਅਤੇ ਬੀਬੀਆਂ ਨੂੰ ਗੁਰਮੀਤ ਕੌਰ ਨੇ ਇਤਿਹਾਸ ਵਿਚੋਂ ਸਵਾਲ ਪੁੱਛੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਗਏ | ਭੁਜੰਗੀ ਜੋਬਨਪ੍ਰੀਤ ਸਿੰਘ ਅਤੇ ਦਿਲਜਾਨ ਸਿੰਘ ਨੇ ਕਵੀਸ਼ਰੀ ਗਾਇਨ ਕੀਤੀ | ਅਰਸ਼ਪ੍ਰੀਤ ਸਿੰਘ ਦੀ ਅਗਵਾਈ ਵਿਚ ਗਤਕਾ, ਸ਼ਾਸਤਰ ਵਿੱਦਿਆ ਦੇ ਜੌਹਰ ਦਿਖਾਏ ਗਏ | ਸੰਗਤਾਂ ਦਾ ਧੰਨਵਾਦ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਕੀਤਾ | ਇਸ ਮੌਕੇ ਸਰਪੰਚ ਕਮਲਜੀਤ ਕੌਰ, ਮਨਜਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਲੇਖਕ ਗੁਰਮੇਲ ਸਿੰਘ ਬੌਡੇ, ਸਮਾਜ ਸੇਵੀ ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਸ਼ਾਇਰ, ਗੁਰਮੁਖ ਸਿੰਘ, ਬੱਚਿਆਂ ਦੇ ਮਾਪੇ ਹਾਜ਼ਰ ਸਨ |