ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸਕੂਲ, ਮੋਗਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 12ਵੀਂ ਜਮਾਤ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 2218 ਸ਼ਬਦ ਅਤੇ ਗਾਥਾ ਬਾਣੀ 'ਚ 24 ਸਲੋਕ ਦਰਜ ਹਨ | ਪੰਜਾਬੀ ਅਧਿਆਪਕ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1604 ਈ 'ਚ ਕਰਵਾਈ ਗਈ | ਉਨ੍ਹਾਂ ਦੁਆਰਾ ਕਰਤਾਰਪੁਰ ਸਾਹਿਬ, ਤਰਨਤਾਰਨ ਸਾਹਿਬ ਅਤੇ ਹਰਿਮੰਦਰ ਸਾਹਿਬ ਦੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਧਰਮ 'ਚ ਪਹਿਲੇ ਤੇ ਦੁਨੀਆ ਦੇ ਇਤਿਹਾਸ ਵਿਚ ਲਾਸਾਨੀ ਤੇ ਬੇਮਿਸਾਲ ਸ਼ਹਾਦਤ ਸੀ | ਸ਼ਹੀਦੀ ਦਾ ਅਸਲੀ ਕਾਰਨ ਜਹਾਂਗੀਰ ਦੀ ਕੱਟੜਤਾ ਤੇ ਤੰਗ ਦਿਲੀ ਸੀ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਾਬਕਾ ਮੈਜਿਸਟਰੇਟ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਧਰਮ ਦੇ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਤੇ ਮਨੁੱਖੀ ਅੱਤਿਆਚਾਰ ਨੂੰ ਸਿਖਰਲੀ ਚੁਣੌਤੀ ਸੀ ਅਤੇ ਹਰ ਸਿੱਖ ਲਈ ਪ੍ਰੇਰਨਾਦਾਇਕ ਅਤੇ ਚਾਨਣ ਮੁਨਾਰਾ ਹੈ |