ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਸ਼ਹਿਰ ਦੀ ਮੁੱਖ ਮੋਗਾ ਰੋਡ 'ਤੇ ਲੰਬੇ ਸਮੇਂ ਤੋਂ ਪਏ ਟੋਇਆਂ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਿਲਾਂ ਆ ਰਹੀਆਂ ਸਨ ਹਾਲਾਂ ਕਿ ਨਗਰ ਕੌਂਸਲ ਵਲੋਂ ਪਿਛਲੇ ਦਿਨੀਂ ਪੇਚ ਵਰਕ ਕਰਵਾ ਕੇ ਟੋਏੇ ਭਰੇ ਗਏ ਸਨ ਪਰ ਕੁਝ ਹੀ ਦਿਨਾਂ ਬਾਅਦ ਮੀਂਹ ਨਾਲ ਹੋਰ ਵੀ ਡੂੰਘੇ ਖੱਡੇ ਪੈ ਗਏ | ਜਿਸ ਕਾਰਨ ਵਾਹਨਾਂ ਦੀ ਆਵਾਜਾਈ ਦੌਰਾਨ ਅਕਸਰ ਹਾਦਸਿਆਂ ਦੇ ਖਤਰੇ ਵਧ ਰਹੇ ਸਨ ਜਿਸ ਨਾਲ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣੀ ਰਹਿੰਦੀ ਸੀ | ਇਸ ਸਥਿਤੀ ਨੂੰ ਦੇਖਦਿਆਂ ਬਾਘਾ ਪੁਰਾਣਾ ਟਰੈਫਿਕ ਪੁਲਿਸ ਦੇ ਇੰਚਾਰਜ ਜਸਵੀਰ ਸਿੰਘ, ਏ.ਐਸ.ਆਈ. ਬਲਵੀਰ ਸਿੰਘ ਅਤੇ ਹੌਲਦਾਰ ਰੂਪ ਸਿੰਘ ਨੇ ਪਹਿਲ ਕਰਦੇ ਹੋਏ ਆਪਣੇ ਸਟਾਫ ਦੇ ਸਹਿਯੋਗ ਨਾਲ ਸੜਕ 'ਤੇ ਪਏ ਖੱਡਿਆਂ ਨੂੰ ਛੋਟੇ ਛੋਟੇ ਰੋੜੇ ਤੇ ਮਿੱਟੀ ਨਾਲ ਭਰਿਆ | ਟਰੈਫਿਕ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਅਕਸਰ ਲੋਕ ਖੱਡਿਆਂ ਵਿਚ ਵੱਜ ਕੇ ਬੇਕਾਬੂ ਹੋ ਕੇ ਫਿਸਲ ਜਾਂਦੇ ਸਨ ਅਤੇ ਦੁਰਘਟਨਾਵਾਂ ਵਾਪਰਦੀਆਂ ਸਨ | ਇਸ ਲਈ ਤੁਰੰਤ ਕਾਰਵਾਈ ਕਰਨੀ ਜ਼ਰੂਰੀ ਸੀ | ਸ਼ਹਿਰ ਵਾਸੀਆਂ ਨੇ ਟਰੈਫਿਕ ਪੁਲਿਸ ਦੇ ਇਸ ਯਤਨ ਦੀ ਸਰਾਹਨਾ ਕੀਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਨਗਰ ਕੌਂਸਲ, ਪੀ. ਡਬਲਯੂ. ਡੀ. ਜਾਂ ਹੋਰ ਸੰਬੰਧਿਤ ਵਿਭਾਗਾਂ ਵਲੋਂ ਕੀਤਾ ਜਾਣਾ ਚਾਹੀਦਾ ਸੀ ਉਹ ਕੰਮ ਟਰੈਫਿਕ ਪੁਲਿਸ ਨੇ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਹੈ |