ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਦੇਖਦਿਆਂ ਹੜ੍ਹ ਪੀੜਤਾਂ ਨੂੰ ਹਾਲੇ ਵੀ ਕਾਫ਼ੀ ਮਦਦ ਦੀ ਜ਼ਰੂਰਤ ਹੈ | ਡਾ. ਕਮਲ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਕੱਪੜੇ, ਘਰ ਦਾ ਸਾਮਾਨ, ਨਕਦੀ ਮਦਦ ਤਾਂ ਪਹੁੰਚ ਰਹੀ ਹੈ ਪਰ ਔਰਤਾਂ ਨੂੰ ਸੈਨੇਟਰੀ ਪੈਡ, ਬਿਮਾਰ ਲੋਕਾਂ ਨੂੰ ਦਵਾਈਆਂ, ਪਸ਼ੂਆਂ ਨੂੰ ਚਾਰੇ ਦੀ ਭਾਰੀ ਕਮੀ ਹੈ | ਲਗਾਤਾਰ ਪਾਣੀ ਰਹਿਣ ਕਾਰਨ ਚਮੜੀ ਰੋਗ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੀ ਧਰਮਕੋਟ ਇਕਾਈ ਲਗਾਤਾਰ ਰਾਹਤ ਕਾਰਜ ਕਰ ਰਹੀ ਹੈ, ਪਰ ਜ਼ਰੂਰਤਾਂ ਜ਼ਿਆਦਾ ਹਨ | ਇਸ ਦੇ ਮੱਦੇਨਜ਼ਰ ਭਾਜਪਾ ਦੇ ਦੁੱਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਵਿਚ ਰਾਹਤ ਸਮੱਗਰੀ ਇਕੱਠੀ ਕਰਨ ਦਾ ਕੇਂਦਰ ਸਥਾਪਿਤ ਕੀਤਾ ਗਿਆ ਹੈ | ਜਿਹੜੇ ਵੀ ਲੋਕ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਦੇ ਸਾਥੀ ਲਖਵੰਤ ਸਿੰਘ ਸਾਫੂਵਾਲਾ ਅਤੇ ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਨੂੰ ਉਹੀ ਸਮਗਰੀ ਪਹੁੰਚਾਈ ਜਾਵੇ ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ਵਿਚ ਜ਼ਰੂਰਤ ਹੈ ਤਾਂ ਕਿ ਰਾਹਤ ਕਾਰਜ ਵਧੇਰੇ ਕਾਰਗਾਰ ਸਾਬਤ ਹੋਣ |