ਮੋਗਾ, 4 ਸਤੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਹਰ ਖੇਤਰ ਵਿਚ ਪਹਿਲ ਕਦਮੀ ਦੇ ਆਧਾਰ 'ਤੇ ਕਦਮ ਵਧਾ ਰਹੀ ਹੈ | ਇਹ ਸੰਸਥਾ ਸਮੇਂ-ਸਮੇਂ ਉੱਤੇ ਸਮਾਜ ਸੇਵੀ ਕੰਮਾਂ ਲਈ ਵੀ ਹਮੇਸ਼ਾ ਤਤਪਰ ਰਹਿੰਦੀ ਹੈ | ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਚਾਰੇ ਪਾਸੇ ਹੜ੍ਹਾਂ ਦੇ ਕਾਰਨ ਮਾਰੂ ਸਥਿਤੀ ਬਣੀ ਹੋਈ ਹੈ ਅਤੇ ਸਾਡੇ ਸਾਰੇ ਪੰਜਾਬੀ ਭੈਣ ਭਾਈ ਘਰੋ ਬੇਘਰ ਹੋਏ ਪਏ ਹਨ | ਉਨ੍ਹਾਂ ਦੀ ਇਸ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਗਿਆ ਅਤੇ ਅਧਿਆਪਕਾਂ ਵਲੋਂ ਵੀ ਇਕ ਦਿਨ ਦੀ ਤਨਖ਼ਾਹ ਇਸ ਨੇਕ ਕੰਮ ਦੇ ਲੇਖੇ ਲਾਈ ਗਈ ਹੈ | ਮਾੜਾ ਸਮਾਂ ਹੈ, ਨਿਕਲ ਹੀ ਜਾਣਾ ਹੈ ਪਰ ਜੇਕਰ ਅਸੀਂ ਸਾਰੇ ਇੱਕਜੁੱਟ ਹੋ ਜਾਈਏ ਤਾਂ ਇਹ ਸਮਾਂ ਸੌਖਾ ਲੰਘ ਜਾਣਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਅਤੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਹਰਗੁਰਪ੍ਰੀਤ ਸਿੰਘ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਵਾਈਸ ਚੇਅਰਮੈਨ ਅਤੇ ਮੈਨੇਜਮੈਂਟ ਮੈਂਬਰ ਸਾਹਿਬਾਨ ਨੇ ਅਪੀਲ ਕੀਤੀ ਕਿ ਸਾਨੂੰ ਇਸ ਔਖੀ ਘੜੀ ਵਿਚ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਵੱਧ ਚੜ੍ਹ ਕੇ ਸਹਾਇਤਾ ਕਰਨੀ ਚਾਹੀਦੀ ਹੈ |