ਨੱਥੂਵਾਲਾ ਗਰਬੀ, 4 ਸਤੰਬਰ (ਨਵਦੀਪ ਸਿੰਘ)-ਬੀਤੇ ਕਈ ਦਿਨਾਂ ਤੋਂ ਆਏ ਭਿਆਨਕ ਹੜ੍ਹਾਂ ਨੇ ਪੂਰੇ ਪੰਜਾਬ ਅੰਦਰ ਤਬਾਹੀ ਮਚਾਈ ਹੋਈ ਹੈ ਅਤੇ ਸੈਂਕੜੇ ਪਿੰਡਾਂ ਵਿਚ ਅਜੇ ਵੀ ਲੋਕ ਫਸੇ ਹੋਏ ਹਨ ਪਰ ਇਨ੍ਹਾਂ ਹੜ੍ਹਾਂ ਨਾਲ ਨਜਿੱਠਣ ਲਈ ਜੇਕਰ ਮੌਜੂਦਾ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਲਈ ਅਗਾਊਾ ਪ੍ਰਬੰਧ ਕੀਤੇ ਹੁੰਦੇ ਹਨ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਆ ਦਿਨ ਨਾ ਦੇਖਣੇ ਪੈਂਦੇ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਸੁਖਜੀਤ ਸਿੰਘ ਮਾਹਲਾ ਅਤੇ ਅਰਸ਼ਪ੍ਰੀਤ ਸਿੰਘ ਸਦਿਓੜਾ ਪ੍ਰਧਾਨ ਐਸ.ਓ.ਆਈ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਹਨ ਅਤੇ ਬਹੁਤ ਸਾਰੇ ਪਸ਼ੂ ਪਾਣੀ ਵਿਚ ਰੁੜ੍ਹ ਗਏ ਹਨ, ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ | ਇਨ੍ਹਾਂ ਯੂਥ ਆਗੂਆਂ ਨੇ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਆਏ ਭਿਆਨਕ ਹੜ੍ਹਾਂ ਦੇ ਪਾਣੀ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਕਿਸਾਨਾਂ ਲਈ ਜਲਦੀ ਤੋਂ ਜਲਦੀ ਮੁਆਵਜ਼ਾ ਐਲਾਨ ਕਰਨ ਅਤੇ ਨਾਲ ਹੀ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਵੀ ਜਾਰੀ ਕਰਵਾਉਣ |