ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਏ.ਆਈ. ਤਕਨੀਕ ਦੇ ਗ਼ਲਤ ਇਸਤੇਮਾਲ ਰਾਹੀਂ ਕੁਝ ਸ਼ਰਾਰਤੀ ਅਨਸਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੇ ਠੇਸ ਪਹੁੰਚਾਉਣ ਦੀ ਸਾਜਿਸ਼ ਰਚ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਤੇ ਚਿੰਤਾਜਨਕ ਗੱਲ ਹੈ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਵਿਰੁੱਧ ਸਰਕਾਰ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਧਰਮ ਜਾਂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਨਸਰਾਂ ਨੂੰ ਕਦੇ ਵੀ ਹੌਸਲਾ ਨਾ ਮਿਲ ਸਕੇ | ਮੱਖਣ ਬਰਾੜ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਏ.ਆਈ. ਜਿਹੀ ਤਕਨੀਕ ਮਨੁੱਖੀ ਭਲਾਈ ਅਤੇ ਵਿਕਾਸ ਲਈ ਹੈ, ਪਰ ਜੇ ਇਸ ਦਾ ਇਸਤੇਮਾਲ ਗ਼ਲਤ ਕੀਤਾ ਗਿਆ ਤਾਂ ਇਹ ਸਮਾਜਿਕ ਅਮਨ-ਸ਼ਾਂਤੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ | ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਸਖ਼ਤ ਨੀਤੀਆਂ ਬਣਾਈਆਂ ਜਾਣ, ਤਾਂ ਜੋ ਆਗਾਮੀ ਸਮੇਂ ਵਿਚ ਇਸ ਤਰ੍ਹਾਂ ਦੀਆਂ ਸ਼ਰਾਰਤਾਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ |