ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਮੋਗਾ ਨੇ ਬਿਆਨ ਜਾਰੀ ਕਰਦਿਆਂ ਕਮਾਲਕੇ ਸਕੂਲ ਵਿਚ ਇਕ ਵਿਦਿਆਰਥੀ ਦੁਆਰਾ ਖ਼ੁਦਕੁਸ਼ੀ ਕਰਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਆਪਣੀ ਸੰਵੇਦਨਾ ਜ਼ਾਹਿਰ ਕੀਤੀ | ਜਥੇਬੰਦੀ ਦੇ ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਰਾਊਕੇ, ਸਕੱਤਰ ਸਰਬਜੀਤ ਦੌਧਰ, ਵਿੱਤ ਸਕੱਤਰ ਪ੍ਰੇਮ ਕੁਮਾਰ ਤੇ ਵੱਖ-ਵੱਖ ਸਬ ਡਵੀਜ਼ਨਾਂ ਦੇ ਪ੍ਰਧਾਨਾਂ, ਸਕੱਤਰਾਂ ਨੇ ਪੁਲਿਸ ਵਲੋਂ ਸਕੂਲ ਅਧਿਆਪਕਾਂ 'ਤੇ ਗ਼ਲਤ ਪਰਚਾ ਦਰਜ ਕਰ ਕੇ ਖ਼ੁਦਕੁਸ਼ੀ ਦਾ ਦੋਸ਼ ਅਧਿਆਪਕਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ | ਛੇ ਅਧਿਆਪਕਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿਚਕਾਰ ਬਖੇੜਾ ਖੜ੍ਹਾ ਕਰਨ ਅਤੇ ਅਧਿਆਪਕਾਂ ਨੂੰ ਬਦਨਾਮ ਅਤੇ ਕਿ੍ਮੀਨਲ ਸਿੱਧ ਕਰ ਕੇ ਸਮਾਜ ਵਿਚ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਭਾਰੀ ਸੱਟ ਮਾਰੀ ਹੈ ਜਿਸ ਦੀ ਪੈਨਸ਼ਨਰ ਜਥੇਬੰਦੀ ਸਖ਼ਤ ਨਿੰਦਿਆ ਕਰਦੀ ਹੈ | ਪੈਨਸ਼ਨਰ ਜਥੇਬੰਦੀ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਜਾਣਕਾਰੀ ਦਿੱਤੀ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਿੱਥੇ ਪਰਿਵਾਰ ਦੇ ਹੋਣਹਾਰ ਬੱਚੇ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਨ੍ਹਾਂ 6 ਅਧਿਆਪਕਾਂ 'ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਤਾਂ ਕਿ ਸਕੂਲ ਦਾ ਮਾਹੌਲ ਸਾਜ਼ਗਾਰ ਹੋ ਸਕੇ |