ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਬੀਤੇ ਸਾਲ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਵਲੋਂ ਵੱਡੀ ਲੀਡ ਨਾਲ ਚੁਣੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਮਲੋਆ ਲੋਕਾਂ ਦੇ ਵਿਸ਼ਵਾਸ 'ਤੇ ਖਰੇ ਉੱਤਰਦੇ ਨਜ਼ਰ ਆ ਰਹੇ ਹਨ ਜੋ ਕਿ ਹਲਕੇ ਦੇ ਲੋਕਾਂ ਦੇ ਦੁਖ ਸੁੱਖ 'ਚ ਵਿਚਰਦੇ ਦਿਖਾਈ ਦਿੰਦੇ ਹਨ | ਬੀਤੇ ਦਿਨੀਂ ਪਿੰਡ ਹਿੰਮਤਪੁਰਾ ਦੇ ਸਾਬਕਾ ਸਰਪੰਚ ਤੇ ਯੂਥ ਕਾਂਗਰਸ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਪੱਪੂ ਜੋਸ਼ੀ ਹਿੰਮਤਪੁਰਾ ਨੇ ਸਾਥੀਆ ਸਮੇਤ ਐਮ. ਪੀ. ਫ਼ਰੀਦਕੋਟ ਸਰਬਜੀਤ ਸਿੰਘ ਖ਼ਾਲਸਾ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਹਿੰਮਤਪੁਰਾ ਦੇ ਵਿਕਾਸ ਕਾਰਜਾਂ ਲਈ ਮੰਗ ਪੱਤਰ ਦਿੱਤਾ ਅਤੇ ਪਿੰਡ ਦੇ ਧੰਨਵਾਦੀ ਦੌਰੇ ਲਈ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਜੋਸ਼ੀ ਹਿੰਮਤਪੁਰਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਪਿੰਡਾਂ 'ਚ ਵਿਕਾਸ ਕਾਰਜ ਠੱਪ ਪਏ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਮੇਰੇ ਪਿੰਡ ਹਿੰਮਤਪੁਰਾ ਨੂੰ ਸਾਲ 2022 ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਤਕਰੀਬਨ ਸਾਢੇ ਤਿੰਨ ਸਾਲਾਂ 'ਚ ਮਾਤਰ ਚਾਰ ਲੱਖ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ | ਉਨ੍ਹਾਂ ਕਿਹਾ ਇਸ ਕਰਕੇ ਅਸੀਂ ਅੱਜ ਐਮ. ਪੀ. ਸਰਬਜੀਤ ਸਿੰਘ ਖ਼ਾਲਸਾ ਪਾਸ ਪਿੰਡ ਦੇ ਰੁਕੇ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕਰਾਉਣ ਲਈ ਮੰਗ-ਪੱਤਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਐਮ. ਪੀ. ਸਰਬਜੀਤ ਸਿੰਘ ਖ਼ਾਲਸਾ ਨੇ ਜਲਦ ਪਿੰਡ ਹਿੰਮਤਪੁਰਾ ਦੇ ਵਿਕਾਸ ਲਈ ਗਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਾਬਕਾ ਪੰਚ ਬਲਜੀਤ ਮੱਖਣ, ਸਵਰਨ ਸਿੰਘ, ਨੈਬ ਸਿੰਘ, ਮੰਗਾ ਸਿੰਘ, ਸੁਖਦੀਪ ਸਿੰਘ ਦੁਰਗੂ ਕਾ, ਟੇਲਰ ਕਰਨੈਲ ਸਿੰਘ ਆਦਿ ਹਾਜ਼ਰ ਸਨ |