ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਤੇ ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਦਿਆਰਥੀਆਂ ਲਈ ਦੀਵਾਲੀ ਦੇ ਤਿਉਹਾਰ ਮੌਕੇ ਫੂਡ ਫੈਸਟ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਤਹਿਤ ਪੰਜਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚੇ ਆਪਣੇ ਘਰਾਂ ਤੋਂ ਤਿਆਰ ਕੀਤੇ ਹੋਏ ਤਾਜ਼ਾ ਤੇ ਸਿਹਤਮੰਦ ਭੋਜਨ ਤੇ ਹੋਰ ਖਾਧ ਪਦਾਰਥ ਸਕੂਲ ਵਿਚ ਲੈ ਕੇ ਆਏ | ਇਸ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਚਟਨੀ, ਮੱਖਣ, ਅਚਾਰ, ਲੱਸੀ, ਜਲੇਬੀ, ਖੀਰ, ਗੁੜ ਵਾਲੀ ਚਾਹ, ਪਿੰਨੀਆਂ, ਲੱਡੂ ਆਦਿ ਚੀਜ਼ਾਂ ਨੂੰ ਖ਼ਾਸ ਪੇਸ਼ਕਾਰੀ ਦਿੰਦੇ ਹੋਏ ਪੰਜਾਬੀ ਤੜਕਾ ਸਟਾਲ ਲਗਾਇਆ | ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਫੂਡ ਫੈਸਟ ਵਿਚ ਵੱਖ-ਵੱਖ ਭੋਜਨ ਪਦਾਰਥਾਂ ਨੂੰ ਖ਼ਰੀਦਿਆ | ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਅਤੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਦੁਆਰਾ ਲਗਾਈ ਗਈ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਖਾਧ ਪਦਾਰਥਾਂ ਨੂੰ ਖ਼ਰੀਦ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ | ਅੰਤ ਵਿਚ ਵਿਦਿਆਰਥੀਆਂ ਨੇ ਆਪਣੇ ਬਚੇ ਹੋਏ ਭੋਜਨ ਨੂੰ ਵੇਚਣ ਲਈ ਵੱਖ-ਵੱਖ ਖਾਧ ਪਦਾਰਥਾਂ 'ਤੇ ਵੱਖ-ਵੱਖ ਛੋਟ ਵੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ-ਆਪਣੀਆਂ ਜਮਾਤਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਅਤੇ ਰੰਗੋਲੀ ਵੀ ਬਣਾਈ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਅਤੇ ਸਮੁੱਚੀ ਮੈਨੇਜਮੈਂਟ ਨੇ ਸਕੂਲ ਦੇ ਸਾਰੇ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੀਵਾਲੀ ਦੇ ਤੋਹਫ਼ੇ ਵੀ ਵੰਡੇ |