ਨਿਹਾਲ ਸਿੰਘ ਵਾਲਾ, 31 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਯੋਜਿਤ ਅੰਤਰ ਯੁਵਕ ਮੇਲਾ ਫਿਰੋਜ਼ਪੁਰ ਮੋਗਾ ਜ਼ੋਨ-3 ਜੋ ਇਸ ਵਾਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਇਆ ਗਿਆ | ਇਸ 'ਚ ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਪੱਤੋ ਹੀਰਾ ਸਿੰਘ ਦੇ ਵਿਦਿਆਰਥੀਆਂ ਦਾ ਵੱਖ-ਵੱਖ ਗਤੀਵਿਧੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਜ਼ਿਕਰਯੋਗ ਹੈ ਕਿ ਔਰਤਾਂ ਦੇ ਪ੍ਰੰਪਰਿਕ ਗੀਤਾਂ 'ਚ ਪੱਤੋ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਤਰ੍ਹਾਂ ਹੀ ਸੁੰਦਰ ਲਿਖਾਈ ਮੁਕਾਬਲਿਆਂ (ਹਿੰਦੀ ਭਾਸ਼ਾ) 'ਚ ਇਸ ਕਾਲਜ ਦੇ ਵਿਦਿਆਰਥੀਆਂ ਵਲੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਕਾਲਜ ਦੇ ਪਿ੍ੰਸੀਪਲ ਡਾ. ਇਕਬਾਲ ਸਿੰਘ ਸੰਧੂ ਨੇ ਜੇਤੂ ਵਿਦਿਆਰਥੀਆਂ ਤੇ ਮੇਲਾ ਕਨਵੀਨਰ ਦੇ ਨਾਲ-ਨਾਲ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਇਸ ਤਰ੍ਹਾਂ ਦੇ ਸ਼ਲਾਘਾਯੋਗ ਕਾਰਜ ਕਰਦੇ ਰਹਿਣ ਵਾਸਤੇ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ ਅਤੇ ਦਫਤਰੀ ਅਮਲੇ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਾਂ ਦਿੱਤੀਆਂ |