ਨਿਹਾਲ ਸਿੰਘ ਵਾਲਾ, 31 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵਲੋਂ ਰਾਸ਼ਟਰੀ ਏਕਤਾ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਸਮਾਗਮ ਦਾ ਅਗਾਜ ਕਰਦਿਆਂ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਸਮੁੱਚਾ ਦੇਸ਼ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਇਹ ਦਿਹਾੜਾ ਜੋਸ਼ੋ ਖਰੋਸ਼ ਨਾਲ ਮਨਾ ਰਿਹਾ ਹੈ | ਉਨ੍ਹਾਂ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਡਿਆਦ ਪਿੰਡ ਵਿਖੇ ਹੋਇਆ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਰਦਾਰ ਪਟੇਲ ਨੇ ਅਹਿਮ ਯੋਗਦਾਨ ਪਾਇਆ ਅਤੇ ਦੇਸ਼ ਆਜ਼ਾਦ ਹੋਣ ਉਪਰੰਤ ਆਪਣੀ ਤੀਖਣ ਬੁੱਧੀ ਅਤੇ ਰਾਜਸੀ ਸੂਝਬੂਝ ਵਰਤਦਿਆਂ 500 ਤੋਂ ਵੱਧ ਰਿਆਸਤਾਂ ਨੂੰ ਆਜ਼ਾਦ ਭਾਰਤ ਦੇਸ਼ ਦਾ ਹਿੱਸਾ ਬਣਾਇਆ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹਰ ਵਲੰਟੀਅਰ ਨੂੰ ਮਹਾਨ ਦੇਸ਼ ਭਗਤਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈ ਕੇ ਰਾਸ਼ਟਰ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਵਲੰਟੀਅਰਾਂ ਦੇ ਚਾਰਟ ਬਣਾਉਣ, ਸਲੋਗਨ ਰਾਈਟਿੰਗ ਅਤੇ ਵਾਦ ਵਿਵਾਦ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਉਨ੍ਹਾਂ ਨੇ ਭਾਰੀ ਦਿਲਚਸਪੀ ਪ੍ਰਗਟਾਈ |