ਫਤਿਹਗੜ੍ਹ ਪੰਜਤੂਰ, 1 ਨਵੰਬਰ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ੍ਰੀ ਅਮਰਗੜ੍ਹ ਸਾਹਿਬ ਤੋਂ ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤਾਂ ਫਤਿਹਗੜ੍ਹ ਪੰਜਤੂਰ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਈ ਅਤੇ ਫੁਲਾਂ ਨਾਲ ਸਜਾਈ ਹੋਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ | ਹੈੱਡ ਗ੍ਰੰਥੀ ਹਰਬੰਸ ਸਿੰਘ ਖਾਲਸਾ ਵਲੋਂ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਗਈ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਵਲੋਂ ਆਪਣੀਆਂ ਧਾਰਮਿਕ ਧੁਨਾਂ ਨਾਲ ਸੰਗਤਾਂ ਮੰਤਰ ਮੁਗਧ ਕੀਤਾ ਗਿਆ | ਨਗਰ ਕੀਰਤਨ ਦੇ ਸਵਾਗਤ ਲਈ ਥਾਂ ਥਾਂ 'ਤੇ ਸਜਾਵਟੀ ਗੇਟ ਅਤੇ ਲੰਗਰ ਲਗਾਏ ਹੋਏ ਸਨ | ਨਗਰ ਦੌਰਾਨ ਢਾਡੀ ਜਥਾ ਗਿਆਨੀ ਦਲਬੀਰ ਸਿੰਘ ਦਰਦੀ ਅਤੇ ਸਾਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ | ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਕਲੱਬ ਦੇ ਨੌਜਵਾਨਾਂ ਵਲੋਂ ਵੀ ਸੇਵਾ ਨਿਭਾਈ ਗਈ ਤੇ ਥਾਣਾ ਫਤਿਹਗੜ੍ਹ ਪੰਜਤੂਰ ਦੀ ਟੀਮ ਵਲੋਂ ਵੀ ਆਪਣੀ ਡਿਊਟੀ ਨਿਭਾਈ ਗਈ | ਗੁਰੂ ਸਾਹਿਬ ਦੇ ਸਤਿਕਾਰ ਲਈ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਮਨਜੀਤ ਸਿੰਘ ਵਿਰਕ ਲਲਿਹਾਂਦੀ ਫੀਲਿੰਗ ਸਟੇਸ਼ਨ ਵਲੋਂ ਪੰਜ ਪਿਆਰਿਆਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਸੰਗਤਾਂ ਕੇਲਿਆਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਸਾਬਕਾ ਸਰਪੰਚ ਦਰਸ਼ਨ ਸਿੰਘ ਲਲਿਹਾਂਦੀ, ਸਾਬਕਾ ਸਰਪੰਚ ਬਲਕਾਰ ਸਿੰਘ ਸੈਦੇਸ਼ਾਹ, ਮਨਜੀਤ ਸਿੰਘ ਜਗਰਾਜ ਸਿੰਘ ਵਿਰਕ, ਬੂਟਾ ਸਿੰਘ ਢਿੱਲੋਂ, ਦਲੇਰ ਸਿੰਘ ਨਾਗਪਾਲ, ਸੈਕਟਰੀ ਬਲਵਿੰਦਰ ਸਿੰਘ, ਮਿਸਤਰੀ ਸਾਧੂ ਸਿੰਘ, ਮੰਗਾ ਸਿੰਘ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
02-11-2025