ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਇਕ ਅਜਿਹੀ ਸੰਸਥਾ ਹੈ ਜਿਸ ਵਿਚ ਵਿਦਿਆਰਥੀਆਂ ਦੇ ਵਿਕਾਸ ਅਤੇ ਸਫਲਤਾ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਹਰ ਉਸ ਗਤੀਵਿਧੀ ਨਾਲ ਜੋੜਿਆ ਜਾਂਦਾ ਜੋ ਉਨ੍ਹਾਂ ਦੇ ਉਸਾਰੂ ਭਵਿੱਖ ਦੇ ਲਈ ਜ਼ਰੂਰੀ ਹੋਵੇ | ਸਕੂਲ ਲਈ ਅੱਜ ਉਹ ਪਲ ਬੜਾ ਹੀ ਮਾਣ ਵਾਲਾ ਸੀ ਜਿਸ ਵਕਤ ਅਧਿਕਾਰਤ ਤੌਰ 'ਤੇ ਕਿ੍ਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਕੁਝ ਮਹੀਨੇ ਪਹਿਲਾਂ ਸਕੂਲ ਵਲੋਂ ਕਿ੍ਕਟ ਨੂੰ ਆਪਣੇ ਖੇਡ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਆਪਣੀ ਯੋਜਨਾ ਸਾਂਝੀ ਕੀਤੀ ਗਈ ਸੀ ਤੇ ਅੱਜ ਉਸ ਵਾਅਦੇ ਨੂੰ ਪੂਰਾ ਕਰਦਿਆਂ ਤੇ ਮਾਪਿਆਂ ਦੀ ਮੰਗ ਨੂੰ ਪੂਰਾ ਕਰਦਿਆਂ ਕਿ੍ਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਅਕੈਡਮੀ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਵਲੋਂ ਕੀਤਾ ਗਿਆ | ਇਸ ਖ਼ਾਸ ਮੌਕੇ 'ਤੇ ਚੇਅਰਮੈਨ ਜਸਵੀਰ ਸਿੰਘ ਬਰਾੜ ਵਲੋਂ ਕੋਚ ਸਾਹਿਬਾਨਾਂ ਮੈਡਮ ਜਗਦੀਪ ਕੌਰ ਤੇ ਅਮਨਦੀਪ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ ਤੇ ਵਿਦਿਆਰਥੀਆਂ ਵਿਚ ਖੇਡਾਂ ਦੀ ਦਿਲਚਸਪੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ | ਸਕੂਲ ਦੇ ਚੇਅਰਮੈਨ ਤੇ ਸਕੂਲ ਦੇ ਪਿ੍ੰਸੀਪਲ ਵੇਦ ਪ੍ਰਕਾਸ਼ ਸ਼ਰਮਾ ਵਲੋਂ ਇਸ ਮੌਕੇ 'ਤੇ ਇਸ ਖੇਡ ਵਿਚ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਸ਼ੁੱਭਕਾਮਨਾਵਾਂ ਦਿੱਤੀਆਂ | ਇਹ ਅਕੈਡਮੀ ਦੇ ਨਾਲ ਅਸੀਂ ਇਕ ਵਾਰ ਫਿਰ ਆਪਣੇ ਵਿਦਿਆਰਥੀਆਂ ਦੀ ਸਫਲਤਾ ਲਈ ਹਰ ਸੰਭਵ ਪਲੇਟਫ਼ਾਰਮ ਪ੍ਰਦਾਨ ਕੀਤਾ ਹੈ |