ਕਿਸ਼ਨਪੁਰਾ ਕਲਾਂ, 24 ਨਵੰਬਰ (ਅਮੋਲਕ ਸਿੰਘ ਕਲਸੀ)-ਸੰਤ ਬਾਬਾ ਕਾਰਜ ਸਿੰਘ ਦੀ ਰਹਿਨੁਮਾਈ ਹੇਠ ਚਲਾਈ ਗਈ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਦੀ ਸਾਲਾਨਾ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਤੇ ਪਿ੍ੰਸੀਪਲ ਮਨਦੀਪ ਕੌਰ ਹਾਜ਼ਰ ਸਨ | ਸਭ ਤੋਂ ਪਹਿਲਾਂ ਵਿਦਿਆਰਥੀਆਂ ਦੁਆਰਾ ਜਪੁਜੀ ਸਾਹਿਬ ਦੇ ਪਾਠ, ਨੌਵੇਂ ਪਾਤਸ਼ਾਹ ਜੀ ਦੇ ਸਲੋਕ ਉਚਾਰਨ ਕੀਤੇ ਗਏ | ਉਪਰੰਤ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਕੀਤਾ ਗਿਆ | ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਭਾਸ਼ਣ, ਕਵਿਤਾਵਾਂ ਤੇ ਕਵੀਸ਼ਰੀ ਵੀ ਪੇਸ਼ ਕੀਤੀ ਗਈ | ਪਿ੍ੰਸੀਪਲ ਮਨਦੀਪ ਕੌਰ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਹਿੰਦੂ ਧਰਮ ਦੀ ਰੱਖਿਆ ਲਈ ਕੀਤੇ ਗਏ ਬਲੀਦਾਨ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ | ਸਕੂਲ ਦੇ ਅਧਿਆਪਕ ਗੁਰਵਿੰਦਰ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਧਾਰਮਿਕ ਸਹਿਣਸ਼ੀਲਤਾ ਨੂੰ ਅਪਣਾਉਂਦੇ ਹੋਏ ਨੇਕ ਦਿਲ ਇਨਸਾਨ ਬਣਨ | ਉਪਰੰਤ ਵਿਦਿਆਰਥੀਆਂ ਦਾ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਪਹਿਲੇ ਗਰੁੱਪ 'ਚ ਜਸਕਰਨ ਸਿੰਘ ਨੇ ਪਹਿਲੀ ਪੁਜ਼ੀਸ਼ਨ, ਅਰਮਾਨਦੀਪ ਸਿੰਘ ਨੇ ਦੂਸਰੀ ਪੁਜ਼ੀਸ਼ਨ ਤੇ ਸੇਵਕਜੋਤ ਸਿੰਘ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ | ਦੂਸਰੇ ਗਰੁੱਪ 'ਚ ਪ੍ਰਭਸਿਮਰਨ ਸਿੰਘ ਨੇ ਪਹਿਲੀ ਪੁਜ਼ੀਸ਼ਨ, ਅਨਮੋਲਪ੍ਰੀਤ ਸਿੰਘ ਨੇ ਦੂਸਰੀ ਪੁਜ਼ੀਸ਼ਨ ਤੇ ਜਸ਼ਨਪ੍ਰੀਤ ਸਿੰਘ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ | ਇਸ ਪ੍ਰੋਗਰਾਮ ਦਾ ਆਯੋਜਨ ਸਕੂਲ ਦੇ ਧਾਰਮਿਕ ਅਧਿਆਪਕ ਗੁਰਮੀਤ ਕੌਰ ਵੱਲੋਂ ਕੀਤਾ ਗਿਆ |