ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ਸਭਾ ਕਰਵਾਈ ਗਈ | ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਣ ਨਾਲ ਕੀਤੀ ਗਈ, ਜਿਸ ਨੇ ਪੂਰੇ ਮਾਹੌਲ ਨੂੰ ਆਤਮਿਕਤਾ ਨਾਲ ਭਰ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਨ੍ਹਾਂ ਦੇ ਬਲੀਦਾਨ ਤੇ ਸਿੱਖ ਧਰਮ 'ਚ ਉਨ੍ਹਾਂ ਦੇ ਅਦੁੱਤੀ ਸਥਾਨ ਨਾਲ ਸਬੰਧਿਤ ਸੁੰਦਰ ਚਾਰਟ ਤੇ ਲੇਖ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਉਸ ਮਹਾਨ ਕੁਰਬਾਨੀ ਬਾਰੇ ਜਾਣੂੰ ਕਰਵਾਇਆ ਜਿਸ ਨੇ ਮਨੁੱਖਤਾ ਦੇ ਇਤਿਹਾਸ 'ਚ ਇਕ ਨਵਾਂ ਅਧਿਆਇ ਲਿਖ ਦਿੱਤਾ | ਉਨ੍ਹਾਂ ਦੱਸਿਆ ਕਿ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪਰੇਸ਼ਾਨ ਹੋ ਕੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਦੀ ਸ਼ਰਨ 'ਚ ਆਏ ਤਾਂ ਗੁਰੂ ਜੀ ਨੇ ਮਨੁੱਖਤਾ ਤੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਦਾ ਫ਼ੈਸਲਾ ਕੀਤਾ | ਪੰਜਾਬੀ ਅਧਿਆਪਕ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਪ੍ਰੇਰਨਾਦਾਈ ਹਨ | ਗੁਰੂ ਸਾਹਿਬ ਨੇ ਸਿਖਾਇਆ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ |