ਨਿਹਾਲ ਸਿੰਘ ਵਾਲਾ, 24 ਨਵੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਵਿਸ਼ੇਸ਼ ਅਧਿਆਪਕ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਨੁਮਾਇੰਦੇ ਵਰਿੰਦਰ ਵੋਹਰਾ ਦੀ ਅਗਵਾਈ ਹੇਠ ਹੋਈ ਜਿਸ 'ਚ ਸਰਕਾਰ ਤੇ ਅਫਸਰਸ਼ਾਹੀ ਵਲੋਂ ਵਿਸ਼ੇਸ਼ ਅਧਿਆਪਕਾਂ 'ਤੇ ਲਾਗੂ ਹੋ ਰਹੀਆਂ ਮਾਰੂ ਨੀਤੀਆਂ ਖ਼ਿਲਾਫ਼ ਯੂਨੀਅਨ ਵਲੋਂ ਅੱਗੇ ਦੀ ਰਣਨੀਤੀ ਬਣਾਈ ਗਈ | ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਤੇ ਸਬੰਧਿਤ ਵਿਭਾਗ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਤੇ ਵਾਰ-ਵਾਰ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਇਸ ਗੱਲ ਦੇ ਪੁਖਤਾ ਸਬੂਤ ਦਿੱਤੇ ਗਏ ਕਿ ਸਾਨੂੰ ਵੀ 8886 ਦੀ ਤਰਜ਼ 'ਤੇ ਸਮੱਗਰ ਸਿੱਖਿਆ ਅਭਿਆਨ 'ਚ ਬਾਕੀ ਕੰਮ ਕਰਦੇ ਮੁਲਾਜ਼ਮਾਂ ਦੀ ਤਰ੍ਹਾਂ ਰੈਗੂਲਰ ਕੀਤਾ ਜਾਵੇ ਪਰ ਸਰਕਾਰ ਨੇ ਰੈਗੂਲਰ ਕਰਨਾ ਤਾਂ ਦੂਰ ਅਜੇ ਤੱਕ ਰੈਗੂਲਰ ਕਰਨ ਦਾ ਹੁੰਗਾਰਾ ਤੱਕ ਵੀ ਵਿਸ਼ੇਸ਼ ਅਧਿਆਪਕਾਂ ਨੂੰ ਨਹੀਂ ਭਰਿਆ | ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਸਮਾਜ 'ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਇਕ ਨਵੀਂ ਸਿਹਤ ਤੇ ਸਮਾਜ 'ਚ ਵਿਚਰਨ ਦਾ ਅੰਦਾਜ਼ ਸਿਖਾਉਂਦੇ ਹਨ, ਅੱਜ ਉਨ੍ਹਾਂ ਦਾ ਹੀ ਭਵਿੱਖ ਖਤਰੇ 'ਚ ਸਰਕਾਰ ਨੇ ਪਾ ਦਿੱਤਾ ਹੈ | ਵਿਸ਼ੇਸ਼ ਅਧਿਆਪਕ ਦੇ ਨੁਮਾਇੰਦੇ ਵਰਿੰਦਰ ਵੋਹਰਾ ਨੇ ਦੱਸਿਆ ਕਿ ਸਰਕਾਰ ਨਾਲ ਅਸੀਂ ਬਹੁਤ ਮੀਟਿੰਗਾਂ ਕਰ ਚੁੱਕੇ ਹਾਂ ਤੇ ਸਰਕਾਰ ਹਰ ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਅੱਗੇ ਦੀ ਅੱਗੇ ਕਰਦੀ ਜਾ ਰਹੀ ਹੈ | ਪਰ ਹੁਣ ਸਾਡੇ ਵਲੋਂ ਆਉਣ ਵਾਲੀ ਇਕ ਦਸੰਬਰ ਨੂੰ ਸਰਕਾਰ ਖ਼ਿਲਾਫ ਗੁਪਤ ਐਕਸ਼ਨ ਕੀਤੇ ਜਾ ਰਹੇ ਹਨ ਜਿਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਤੇ ਸਬੰਧਿਤ ਵਿਭਾਗ ਦੀ ਹੋਵੇਗੀ ਤੇ ਇਹ ਐਕਸ਼ਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ 20-20 ਸਾਲਾਂ ਤੋਂ ਕੰਮ ਕਰਦੇ ਵਿਸ਼ੇਸ਼ ਅਧਿਆਪਕਾਂ ਨੂੰ ਬਾਕੀ ਸਮੱਗਰ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਦੀ ਤਰ੍ਹਾਂ ਰੈਗੂਲਰ ਨਹੀਂ ਕਰ ਦਿੱਤਾ ਜਾਂਦਾ | ਮੀਟਿੰਗ 'ਚ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ, ਮੀਤ ਪ੍ਰਧਾਨ ਸਤਵਿੰਦਰ ਸਿੰਘ ਭਲੂਰ, ਜਨਰਲ ਸਕੱਤਰ ਸੁਲੱਖਣ ਸਿੰਘ ਸੈਦੋਕੇ, ਚਰਨਜੀਤ ਕੌਰ, ਅਮਨਦੀਪ ਕੌਰ, ਅਮਨਜੀਤ ਕੌਰ, ਰਵਿੰਦਰ ਕੌਰ, ਗਗਨਦੀਪ ਕੌਰ, ਨੀਨਾ ਗੋਇਲ, ਦੁਪਿਕਾ, ਗੁਰਬਿੰਦਰ ਕੌਰ, ਸੁਨੈਣਾ, ਨਵਨੀਤ ਕੁਮਾਰੀ, ਵੀਰਪਾਲ ਕੌਰ, ਸੋਨਪ੍ਰੀਤ ਸਿੰਘ ਆਦਿ ਹਾਜ਼ਰ ਸਨ |