ਬਾਘਾ ਪੁਰਾਣਾ, 24 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸੁਆਮੀ ਸੰਤ ਜ਼ੋਰਾ ਸਿੰਘ ਦੀ 20ਵੀਂ ਬਰਸੀ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਗੁਰਮਤਿ ਵਿਚਾਰਾਂ ਕੀਤੀਆਂ | ਇਸ ਮੌਕੇ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋ ਦੇ ਮੁਖੀ ਸੁਆਮੀ ਸੰਤ ਸੁਆਮੀ ਜਗਜੀਤ ਸਿੰਘ ਲੋਪੋ ਵਲੋਂ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਬਾਬਾ ਬਲਵਿੰਦਰ ਸਿੰਘ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ ਵਲੋਂ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਨੂੰ ਆਸ਼ੀਰਵਾਦ ਦਿੱਤਾ ਕਿ ਹਲਕੇ ਦੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ ਤਾਂ ਜੋ ਚੁਰਾਸੀ ਲੱਖ ਜੂਨਾਂ ਭੋਗ ਕੇ ਮਿਲੇ ਮਨੁੱਖੀ ਜੀਵਨ ਨੂੰ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਸਫ਼ਲ ਬਣਾਇਆ ਜਾਵੇ | ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਵੱਡੀ ਗਿਣਤੀ 'ਚ ਹਲਕਾ ਬਾਘਾ ਪੁਰਾਣਾ ਦੀਆਂ ਸੰਗਤਾਂ ਹਾਜ਼ਰ ਸਨ |