ਧਰਮਕੋਟ, 24 ਨਵੰਬਰ (ਪਰਮਜੀਤ ਸਿੰਘ)-ਐਸ. ਐਫ. ਸੀ. ਪਬਲਿਕ ਸਕੂਲ ਧਰਮਕੋਟ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪ੍ਰਾਰਥਨਾ ਸਭਾ 'ਚ ਗੁਰੂ ਸਾਹਿਬ ਦੀ ਜੀਵਨੀ ਨਾਲ ਸਬੰਧਿਤ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਬਾਣੀ ਤੇ ਉਪਦੇਸ਼ਾਂ ਨੂੰ ਬੱਚਿਆਂ ਤੱਕ ਪਹੁੰਚਾਇਆ ਗਿਆ | ਵਿਦਿਆਰਥੀਆਂ ਨੇ ਭਾਸ਼ਣਾਂ ਰਾਹੀਂ ਗੁਰੂ ਸਾਹਿਬ ਦੇ ਬਲੀਦਾਨ, ਸਿੱਖਿਆਵਾਂ ਤੇ ਮਨੁੱਖਤਾ ਦੇ ਸੁਨੇਹੇ 'ਤੇ ਚਾਨਣ ਪਾਇਆ ਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸੀ.ਈ.ਓ. ਅਭਿਸ਼ੇਕ ਜਿੰਦਲ ਅਤੇ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਕਿਹਾ ਕਿ ਇਹ ਸਮੂਹ ਗਤੀਵਿਧੀਆਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਤਿਆਗ, ਉਪਦੇਸ਼ਾਂ ਅਤੇ ਮਨੁੱਖਤਾ ਦੇ ਸੁਨੇਹੇ ਨੂੰ ਬੱਚਿਆਂ ਵਿਚ ਫੈਲਾਉਣਾ ਹੈ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ ਕੇਵਲ ਸਿੱਖ ਧਰਮ ਲਈ ਨਹੀਂ ਬਲਕਿ ਸਭ ਧਰਮਾਂ ਲਈ ਪ੍ਰੇਰਣਾਦਾਇਕ ਹੈ |