ਅਜੀਤਵਾਲ, 5 ਦਸੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਢੁੱਡੀਕੇ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਖੇਤਰੀ ਡਾਇਰੈਕਟੋਰੇਟ ਰਾਸ਼ਟਰੀ ਸੇਵਾ ਅਯੋਗ ਦੇ ਸਹਿਯੋਗ ਨਾਲ 'ਐਮਰਜੈਂਸੀ ਦੇ 50 ਸਾਲ-ਲੋਕਤੰਤਰ ਲਈ ਸਿੱਖਿਆ' ਵਿਸ਼ੇ 'ਤੇ ਸਮਾਗਮ ਕਰਵਾਇਆ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿਚ ਵੱਖ ਵੱਖ ਕਾਲਜਾਂ ਦੇ 30 ਤੋਂ ਵਧੇਰੇ ਪ੍ਰਤੀਯੋਗੀਆਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਮੁਕੇਸ਼ ਅਰੋੜਾ (ਪੂਰਵ ਸੈਨੇਟ ਮੈਂਬਰ) ਅਤੇ ਬਿਪਨ ਕੁਮਾਰ ਦਾ ਕਾਲਜ ਪਹੁੰਚਣ 'ਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਉਮੇਸ਼ ਨੇ ਆਏ ਹੋਏ ਮੁੱਖ ਮਹਿਮਾਨਾਂ, ਜੱਜਮੈਂਟ ਕਮੇਟੀ, ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਿਆ ਤੇ ਮੋਗਾ ਜ਼ਿਲ੍ਹੇ ਵਿਚੋਂ ਉਨ੍ਹਾਂ ਦੇ ਕਾਲਜ ਨੂੰ ਨੋਡਲ ਕਾਲਜ ਵਜੋਂ ਚੁਣੇ ਜਾਣ 'ਤੇ ਮੈਨੇਜਮੈਂਟ ਵਲੋਂ ਯੁਵਾ ਮਾਮਲੇ ਅਤੇ ਖੇਡ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ | ਪ੍ਰਤੀਯੋਗਤਾ ਦੀ ਜੱਜਮੈਂਟ ਕਮੇਟੀ ਦੇ ਪੰਜ ਜਿਊਰੀ ਮੈਂਬਰ ਮੈਡਮ ਡਾ. ਜਸਲੀਨ ਕੌਰ (ਅਸਿਸਟੈਂਟ ਪ੍ਰੋਫੈਸਰ ਗੁਰੂਸਰ ਸੁਧਾਰ), ਸੰਦੀਪ ਸਿੰਗਲਾ (ਲੈਕਚਰਾਰ ਡਾਈਟ ਮੋਗਾ), ਬਖਤਾਵਰ ਸਿੰਘ (ਲੈਕਚਰਾਰ ਪੰਜਾਬੀ), ਰਾਜਬੀਰ ਕੌਰ, ਅਮਨਦੀਪ ਕੌਰ ਸ਼ਾਮਿਲ ਸਨ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਡਾ. ਮੁਕੇਸ਼ ਅਰੋੜਾ ਨੇ ਕਿਹਾ ਕਿ ਇਸ ਕਾਲਜ ਦੀਆਂ ਪ੍ਰਾਪਤੀਆਂ ਬਹੁਤ ਸ਼ਲਾਘਾਯੋਗ ਹਨ | ਉਨ੍ਹਾਂ ਨੇ ਪ੍ਰਤੀਯੋਗੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਐਮਰਜੈਂਸੀ ਦਾ ਸੰਤਾਪ ਅੱਖੀਂ ਵੇਖਿਆ ਹੈ ਪ੍ਰੰਤੂ ਅੱਜ ਕੱਲ੍ਹ ਦੇ ਬੱਚਿਆਂ ਨੂੰ ਮੋਬਾਈਲ ਤੋਂ ਰੋਕਣਾ ਹੀ ਉਨ੍ਹਾਂ ਲਈ ਐਮਰਜੈਂਸੀ ਬਣ ਗਿਆ ਹੈ | ਭਾਸਣ ਪ੍ਰਤੀਯੋਗਤਾ ਵਿਚ 10 ਵਿਦਿਆਰਥੀ ਚੁਣੇ ਗਏ ਜੋ ਕਿ ਹੁਣ ਪੰਜਾਬ ਪੱਧਰ 'ਤੇ ਹੋਣ ਵਾਲੀ ਪ੍ਰਤੀਯੋਗਤਾ ਵਿਚ ਭਾਗ ਲੈਣਗੇ | ਇਨ੍ਹਾਂ ਵਿਚੋਂ ਕ੍ਰਮਵਾਰ ਸੁਖਪ੍ਰੀਤ ਸਿੰਘ ਨੇ ਪਹਿਲੀ, ਹਰਪ੍ਰੀਤ ਸਿੰਘ ਨੇ ਦੂਸਰੀ ਅਤੇ ਸਟੀਫਨਪਾਲ ਸਿੰਘ ਵਲੋਂ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ ਗਈ | ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਲਈ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ | ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਅਜੇ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਉਂਦਿਆਂ ਕਾਲਜ ਦੇ ਸੱਦੇ 'ਤੇ ਪਹੁੰਚਣ ਲਈ ਸਭ ਦਾ ਧੰਨਵਾਦ ਕੀਤਾ | ਸਟੇਜ ਕਾਰਵਾਈ ਡਾ. ਅਮਨਦੀਪ ਚੌਲੀਆ ਨੇ ਚਲਾਈ ਅਤੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਸਟਾਫ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਗਲੇ ਪੱਧਰ ਦੀ ਤਿਆਰੀ ਕਰਨ ਦੀ ਪ੍ਰੇਰਨਾ ਦਿੱਤੀ | ਇਨਾਮ ਵੰਡ ਸਮਾਰੋਹ ਤੋਂ ਬਾਅਦ ਐਮ.ਐਡ., ਬੀ.ਐਡ. ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਨੂੰ ਸਮਾਪਤ ਕੀਤਾ |