ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਬੱਚਿਆਂ ਅੰਦਰ ਸਾਹਿਤ ਪ੍ਰਤੀ ਅਨੇਕਾਂ ਵੰਨਗੀਆਂ ਛੁਪੀਆਂ ਹੁੰਦੀਆਂ ਹਨ ਇਨ੍ਹਾਂ ਨੂੰ ਉਜਾਗਰ ਕਰਨ ਲਈ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵਲੋਂ ਇਕ ਵਿਸ਼ਵ ਵਿਆਪੀ ਮੁਹਿੰਮ ਪੰਜਾਬ ਅੰਦਰ ਵੀ ਚਲਾਈ ਜਾ ਰਹੀ ਹੈ | ਪੰਜਾਬ 'ਚ ਓਾਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਦੇ ਰੂਪ ਵਿਚ ਕੰਮ ਕਰ ਰਹੇ ਹਨ | ਮੋਗਾ ਜ਼ਿਲੇ੍ਹ 'ਚ ਬਾਲ ਲੇਖਕਾ ਦੀਆਂ ਮੌਲਿਕ ਗੀਤ, ਕਵਿਤਾਵਾਂ ਕਹਾਣੀਆਂ, ਲੇਖ, ਗ਼ਜ਼ਲਾਂ ਆਦਿ ਦੀ ਚੌਥੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਹੇਠ ਛਪ ਰਹੀ ਹੈ | ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਸੇਖਾ ਨੇ ਦਿੱਤੀ | ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਪਰਦੀਪ ਸਿੰਘ ਰਖਰਾ ਨੇ ਦੱਸਿਆ ਕਿ ਚੌਥੀ ਕਿਤਾਬ ਦੇ ਸੰਪਾਦਕ ਹਰਸਿਮਰਨ ਸਿੰਘ ਮੋਂਟੀ ਹਨ | ਜ਼ਿਲੇ੍ਹ 'ਚੋਂ ਬੱਚਿਆਂ ਦੀਆਂ ਕਾਫ਼ੀ ਰਚਨਾਵਾਂ ਸੰਪਾਦਕ ਕੋਲ ਪਹੁੰਚ ਚੁੱਕੀਆਂ ਹਨ | ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਕਲਸੀ, ਅਮਨਦੀਪ ਕੌਰ ਡਗਰੂ ਤੇ ਨਿਸ਼ਾ ਬਜਾਜ ਨੇ ਦੱਸਿਆ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਾਈਡ ਕਰਕੇ ਉਨ੍ਹਾਂ ਦੀਆਂ ਰਚਨਾਵਾਂ ਪ੍ਰੋਜੈਕਟ ਦੇ ਕਿਸੇ ਵੀ ਮੈਂਬਰ ਨੂੰ ਵਟਸਐਪ ਰਾਹੀਂ 20 ਦਸੰਬਰ ਤੱਕ ਭੇਜੀਆਂ ਜਾ ਸਕਦੀਆਂ ਹਨ | ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸੁੱਖੀ ਬਾਠ ਵਿਸ਼ੇਸ਼ ਉਪਰਾਲੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਮਾਂ ਬੋਲੀ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਬਹੁਤ ਵਧੀਆ ਪਲੇਟਫ਼ਾਰਮ ਹੈ |