ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)-ਨਾਲਸਾ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਨਗਰ ਦੇ ਹੁਕਮਾਂ ਅਨੁਸਾਰ ਅਤੇ ਮਿਸ ਨੀਲਮ ਅਰੋੜਾ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮੋਗਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ ਮੋਗਾ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਕੈਂਸਰ ਬਾਰੇ ਜਾਗਰੂਕਤਾ ਅਤੇ ਲੀਗਲ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਦੇ ਚੇਅਰਮੈਨ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵਲੋਂ ਦੱਸਿਆ ਗਿਆ ਕਿ ਕੈਂਸਰ ਲਾਇਲਾਜ ਨਹੀਂ ਹੈ ਪਰ ਇਸ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਸਮੇਂ ਰਹਿੰਦੇ ਇਸ ਸਬੰਧੀ ਜਾਂਚ ਕਰਵਾ ਲਈ ਜਾਵੇ | ਉਨ੍ਹਾਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਵਰਲਡ ਕੇਅਰ ਸੰਸਥਾ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਲਾਏ ਗਏ ਮੈਡੀਕਲ ਕੈਂਪ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚਲਾਈਆਂ ਜਾਂਦੀਆਂ ਵੱਖੋ ਵੱਖਰੀਆਂ ਸਕੀਮਾਂ ਜਿਸ ਰਾਹੀਂ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਇਨ੍ਹਾਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮੈਡੀਕਲ ਕੈਂਪ ਦੇ ਨਾਲ-ਨਾਲ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿਚ ਜ਼ਿਲ੍ਹਾ ਕਚਹਿਰੀ ਮੋਗਾ ਦੇ ਜੱਜ ਸਾਹਿਬਾਨ, ਕਰਮਚਾਰੀਆਂ, ਵਕੀਲ ਸਾਹਿਬਾਨ ਅਤੇ ਸਰਕਾਰੀ ਵਕੀਲ ਸਾਹਿਬਾਨ ਅਤੇ ਪੇਸ਼ੀ ਭੁਗਤ ਰਹੇ ਆਮ ਲੋਕਾਂ ਵਲੋਂ ਆਪਣਾ ਮੈਡੀਕਲ ਚੈੱਕਅਪ ਕਰਵਾਇਆ ਗਿਆ | ਇਸ ਮੌਕੇ 9 ਡਾਕਟਰ ਸਾਹਿਬਾਨ ਜੋ ਕਿ ਅਲੱਗ-ਅਲੱਗ ਰੋਗਾਂ ਦੇ ਮਾਹਿਰ ਸਨ ਜਿਵੇਂ ਕਿ ਔਰਤਾਂ ਦੇ ਰੋਗਾਂ ਦੇ ਮਾਹਿਰ, ਅੱਖਾਂ ਦੇ ਮਾਹਿਰ ਡਾਕਟਰ, ਹੱਡੀਆਂ ਦੇ ਮਾਹਿਰ ਡਾਕਟਰ ਜੋ ਕਿ ਵੱਖੋ ਵੱਖਰੀਆਂ ਡਾਕਟਰੀ ਮਸ਼ੀਨਾਂ ਰਾਹੀਂ ਆਮ ਲੋਕਾਂ ਦੀ ਡਾਕਟਰੀ ਜਾਂਚ ਕਰ ਰਹੇ ਸਨ | ਇਸ ਮੌਕੇ ਬਹੁਤ ਸਾਰੇ ਲੋਕਾਂ ਦੇ ਖ਼ੂਨ ਦੇ ਸੈਂਪਲ ਵੀ ਲਏ ਗਏ | ਵਰਲਡ ਕੈਂਸਰ ਕੇਅਰ ਸੰਸਥਾ ਦੇ ਸਰਪ੍ਰਸਤ ਕੁਲਵੰਤ ਸਿੰਘ ਧਾਲੀਵਾਲ ਵੀ ਇਸ ਮੌਕੇ 'ਤੇ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਖ-ਵੱਖ ਥਾਵਾਂ 'ਤੇ ਜਾ ਕੇ ਅਤੇ ਮੁੱਖ ਤੌਰ 'ਤੇ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਵਿਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਂਦੇ ਹਨ | ਇਸ ਵਿਚ ਉਨ੍ਹਾਂ ਦੀ ਡਾਕਟਰੀ ਟੀਮ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ ਜੋ ਕਿ ਹਰ ਮਰੀਜ਼ ਦਾ ਚੈੱਕਅਪ ਕਰਦੇ ਹਨ ਅਤੇ ਉਨ੍ਹਾਂ ਦੀ ਟੈਸਟਾਂ ਬਾਰੇ ਜਾਣਕਾਰੀ ਆਮ ਜਨਤਾ ਨੂੰ ਦਿੰਦੇ ਹਨ |