ਬਾਘਾ ਪੁਰਾਣਾ, 21 ਦਸੰਬਰ (ਟਿੰਕੂ ਕਾਠਪਾਲ)-ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਨੇ ਜਿੱਥੇ ਰੋਜ਼ਾਨਾ ਜੀਵਨ ਦੀ ਰਫ਼ਤਾਰ ਹੌਲੀ ਕਰ ਦਿੱਤੀ ਹੈ, ਉੱਥੇ ਮੋਗਾ ਕੋਟਕਪੂਰਾ ਹਾਈਵੇ 'ਤੇ ਵਧ ਰਹੀ ਬੇਪਰਵਾਹੀ ਕਿਸੇ ਵੀ ਸਮੇਂ ਵੱਡੇ ਭਿਆਨਕ ਹਾਦਸੇ ਦਾ ਕਾਰਣ ਬਣ ਸਕਦੀ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਵੇ 'ਤੇ ਚਿੱਟੀਆਂ ਲਾਈਨਾਂ (ਵਾਈਟ ਸਟਰਾਈਪਸ) ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੀਆਂ ਹਨ, ਕੋਈ ਕਿਤੇ ਵੀ ਰਿਫ਼ਲੈਕਟਰ ਨਜ਼ਰ ਨਹੀਂ ਆ ਰਿਹਾ | ਧੁੰਦ ਕਾਰਨ ਦਿ੍ਸ਼ਟੀ ਘੱਟ ਹੋਣ ਨਾਲ ਇਹ ਘਾਟ ਡਰਾਈਵਰਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੱਸ ਪੰਦਰਾਂ ਫੁੱਟ ਤੋਂ ਅੱਗੇ ਨਹੀਂ ਦਿਸਦਾ, ਉਸ ਵੇਲੇ ਸੜਕ ਦੀਆਂ ਚਿੱਟੀਆਂ ਪੱਟੀਆਂ ਤੇ ਰਿਫ਼ਲੈਕਟਰ ਹੀ ਸਫ਼ਰ ਦੀ ਦਿਸ਼ਾ ਦੱਸਦੇ ਹਨ, ਪਰ ਇਸ ਸੰਭਾਲ ਦੀ ਘਾਟ ਕਾਰਨ ਹਾਈਵੇ ਅਸਲ ਵਿਚ ਇਕ 'ਦੁਰਘਟਨਾ ਜ਼ੋਨ' ਬਣ ਕੇ ਰਹਿ ਗਿਆ ਹੈ | ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਕੜੇ ਸ਼ਬਦਾਂ ਵਿਚ ਘੇਰਦੇ ਹੋਏ ਕਿਹਾ ਕਿ ਲੱਗਦਾ ਹੈ ਜਿਵੇਂ ਸੰਬੰਧਿਤ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਲੋਕਾਂ ਅਨੁਸਾਰ ਪ੍ਰਸ਼ਾਸਨ ਦੀ ਤਾਂ ਜਿਵੇਂ ਕੋਈ ਜ਼ਿੰਮੇਵਾਰੀ ਹੀ ਨਹੀਂ ਰਹੀ | ਇਸ ਤੋਂ ਇਲਾਵਾ ਸਥਾਨਕ ਸ਼ਹਿਰ ਦੇ ਨਿਹਾਲ ਸਿੰਘ ਵਾਲਾ ਤੇ ਮੁਦਕੀ ਰੋਡ 'ਤੇ ਬਣੇ ਗਹਿਰੇ ਤਬਾਹਕਾਰੀ ਖੱਡੇ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਕਈ ਦਿਨਾਂ ਤੋਂ ਇਹ ਖੱਡੇ ਜਿਵੇਂ ਦੇ ਤਿਵੇਂ ਹੀ ਪਏ ਹਨ, ਜਦ ਕਿ ਇਨ੍ਹਾਂ ਸੜਕਾਂ ਤੋਂ ਰੋਜ਼ਾਨਾ ਸੈਂਕੜੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਗੁਜ਼ਰਦੇ ਹਨ | ਖੱਡਿਆਂ ਤੇ ਧੁੰਦ ਦੇ ਮਿਲੇ ਜੁਲੇ ਪ੍ਰਭਾਵ ਨਾਲ ਰਾਹਗੀਰ ਦਹਿਸ਼ਤ 'ਚ ਸਫ਼ਰ ਕਰ ਰਹੇ ਹਨ | ਟ੍ਰੈਫਿਕ ਵਿਭਾਗ ਤੇ ਪੁਲਿਸ ਪ੍ਰਬੰਧਾਂ ਵਲੋਂ ਵੀ ਇਸ ਮਾਮਲੇ 'ਤੇ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕਿਆ ਗਿਆ | ਲੋਕਾਂ ਦੀ ਮੰਗ ਹੈ ਕਿ ਤੁਰੰਤ ਪ੍ਰਭਾਵ ਨਾਲ ਹਾਈਵੇ 'ਤੇ ਨਵੀਆਂ ਚਿੱਟੀਆਂ ਲਾਈਨਾਂ ਖਿੱਚੀਆਂ ਜਾਣ, ਰਿਫ਼ਲੈਕਟਰ ਲਗਾਏ ਜਾਣ ਤੇ ਦਰੁਸਤ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ | ਜੇ ਸਥਿਤੀ ਇਉਂ ਹੀ ਬਰਕਰਾਰ ਰਹੀ ਤਾਂ ਕਿਸੇ ਵੱਡੇ ਹਾਦਸੇ ਨਾਲ ਜਾਨੀ ਮਾਲੀ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਸਥਾਨਕ ਨਿਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਧੁੰਦ ਦੇ ਦਿਨਾਂ ਵਿਚ ਪੇਸ਼ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ |