ਨਿਹਾਲ ਸਿੰਘ ਵਾਲਾ, 24 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪੁਲਿਸ ਚੌਂਕੀ ਬਿਲਾਸਪੁਰ ਵਲੋਂ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਨਬਰ ਅਲੀ ਤੇ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਪੂਰਨ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਬਿਲਾਸਪੁਰ ਵਲੋਂ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਸਮੇਤ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਤੇ ਪੁਲਿਸ ਪਾਰਟੀ ਦੀ ਅਗਵਾਈ 'ਚ ਇਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ ਜਦ ਪੁਲਿਸ ਪਾਰਟੀ ਵਲੋਂ ਉਕਤ ਲਿਫ਼ਾਫ਼ੇ ਨੂੰ ਗਵਾਹਾਂ ਦੀ ਹਾਜ਼ਰੀ 'ਚ ਚੈੱਕ ਕੀਤਾ ਤਾਂ ਉਸ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਕਤ ਵਿਅਕਤੀ ਦੀ ਪਹਿਚਾਣ ਸੁਖਦੀਪ ਸਿੰਘ ਉਰਫ਼ ਸਨੀ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੈ | ਪੁਲਿਸ ਵਲੋਂ ਸੁਖਦੀਪ ਸਿੰਘ ਉਰਫ਼ ਸਨੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |