ਫ਼ਤਿਹਗੜ੍ਹ ਪੰਜਤੂਰ, 24 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ 'ਚ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਪਰਿਵਾਰਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਹੜ੍ਹਾਂ ਕਾਰਨ ਜਿਨ੍ਹਾਂ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਢਹਿ ਗਏ ਸਨ, ਉਨ੍ਹਾਂ ਲਈ ਹੁਣ ਨਵੀਂ ਉਮੀਦ ਦੀ ਕਿਰਣ ਜਾਗੀ ਹੈ | ਇਲਾਕੇ ਵਿਚ ਨੁਕਸਾਨ ਗ੍ਰਸਤ ਸਾਰੇ ਘਰਾਂ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਸੁਰੱਖਿਅਤ ਛੱਤ ਮਿਲਣ ਦੀ ਆਸ ਬਣੀ ਹੈ | ਇਹ ਮਨੁੱਖੀ ਸੇਵਾ ਤੇ ਭਲਾਈ ਦਾ ਉਪਰਾਲਾ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ | ਇਸ ਮੌਕੇ ਮੱਖਣ ਬਰਾੜ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਨਾ ਹੀ ਅਸਲ ਸਿਆਸਤ ਤੇ ਅਸਲ ਸੇਵਾ ਹੈ | ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਸਿਰਫ਼ ਘਰ ਬਣਾਉਣ ਤੱਕ ਸੀਮਤ ਨਹੀਂ, ਸਗੋਂ ਪੀੜਤ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਸਾਧਾਰਨ ਲੀਹ 'ਤੇ ਲਿਆਉਣ ਦੀ ਇਕ ਇਮਾਨਦਾਰ ਕੋਸ਼ਿਸ਼ ਹੈ | ਇਸ ਸੇਵਾ ਦੀ ਸਭ ਤੋਂ ਵੱਡੀ ਤੇ ਸ਼ਲਾਘਾਯੋਗ ਗੱਲ ਇਹ ਹੈ ਕਿ ਮਕਾਨਾਂ ਦੀ ਤਿਆਰੀ ਲਈ ਦਿੱਤੀ ਜਾ ਰਹੀ ਸਾਰੀ ਆਰਥਿਕ ਮਦਦ ਪੂਰੀ ਪਾਰਦਰਸ਼ਤਾ ਨਾਲ ਸਿੱਧੀ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਚੈੱਕ ਰਾਹੀਂ ਜਮਾਂ ਕਰਵਾਈ ਗਈ ਹੈ | ਇਸ ਨਾਲ ਕਿਸੇ ਵੀ ਕਿਸਮ ਦੀ ਭਿ੍ਸ਼ਟਾਚਾਰ ਜਾਂ ਗੜਬੜ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ | ਪ੍ਰਭਾਵਿਤ ਪਰਿਵਾਰਾਂ ਨੇ ਇਸ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀ ਇਮਾਨਦਾਰ ਅਤੇ ਨਿਸ਼ਕਾਮ ਸੇਵਾ ਅੱਜ ਦੇ ਸਮੇਂ ਵਿਚ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ | ਇਸ ਦੌਰਾਨ ਬਣ ਰਹੇ ਮਕਾਨਾਂ ਦਾ ਜਾਇਜ਼ਾ ਇਕਬਾਲਦੀਪ ਸਿੰਘ ਹੈਰੀ ਵਲੋਂ ਲਿਆ ਗਿਆ | ਉਨ੍ਹਾਂ ਉਸਾਰੀ ਦੇ ਕੰਮ ਦੀ ਗਤੀ ਅਤੇ ਗੁਣਵੱਤਾ 'ਤੇ ਪੂਰਾ ਸੰਤੋਖ ਜਤਾਇਆ ਅਤੇ ਕਿਹਾ ਕਿ ਹਰ ਪਰਿਵਾਰ ਨੂੰ ਮਜ਼ਬੂਤ, ਸੁਰੱਖਿਅਤ ਅਤੇ ਰਹਿਣਯੋਗ ਘਰ ਮੁਹੱਈਆ ਕਰਵਾਉਣਾ ਇਸ ਮੁਹਿੰਮ ਦਾ ਮੁੱਖ ਮਕਸਦ ਹੈ |